ਦੁਨੀਆ ਦੇ 44 ਦੇਸ਼ਾਂ 'ਚ ਮਿਲਿਆ ਭਾਰਤ ਦਾ ਕੋਵਿਡ-19 ਵੈਰੀਐਂਟ, WHO ਨੇ ਜਤਾਈ ਚਿੰਤਾ

Wednesday, May 12, 2021 - 11:55 AM (IST)

ਦੁਨੀਆ ਦੇ 44 ਦੇਸ਼ਾਂ 'ਚ ਮਿਲਿਆ ਭਾਰਤ ਦਾ ਕੋਵਿਡ-19 ਵੈਰੀਐਂਟ, WHO ਨੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਵਿਚ ਮਿਲੇ ਕੋਰੋਨਾ ਵਾਇਰਸ ਵੈਰੀਐਂਟ ਦੀ ਪੁਸ਼ਟੀ ਵਿਸ਼ਵ ਦੇ ਦਰਜਨਾਂ ਦੇਸ਼ਾਂ ਵਿਚ ਵੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਸਿਹਤ ਏਜੰਸੀ ਦਾ ਮੰਨਣਾ ਹੈ ਕਿ ਭਾਰਤ ਵਿਚ ਤੇਜ਼ੀ ਨਾਲ ਵੱਧਦੇ ਇਨਫੈਕਸ਼ਨ ਦੇ ਮਾਮਲਿਆਂ ਪਿੱਛੇ B.1.617 ਵੈਰੀਐਂਟ ਜ਼ਿੰਮੇਵਾਰ ਹੈ। ਖਾਸ ਗੱਲ ਇਹ ਹੈ ਕਿ ਭਾਰਤ ਦੇ ਇਲਾਵਾ ਬ੍ਰਿਟੇਨ ਵਿਚ ਇਸ ਵੈਰੀਐਂਟ ਦੇ ਸਭ ਤੋਂ ਜ਼ਿਆਦਾ ਮਰੀਜ਼ ਮਿਲੇ ਹਨ। ਭਾਰਤ ਵਿਚ ਬੀਤੀ ਮਾਰਚ ਦੇ ਬਾਅਦ ਤੋਂ ਹੀ ਇਨਫੈਕਸ਼ਨ ਦੇ ਮਾਮਲਿਆਂ ਦਾ ਗ੍ਰਾਫ ਤੇਜ਼ੀ ਨਾਲ ਵੱਧਣ ਲੱਗ ਪਿਆ ਸੀ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਵਿਡ-19 ਦਾ B.1.617 ਵੈਰੀਐਂਟ ਸਭ ਤੋਂ ਪਹਿਲਾਂ ਅਕਤੂਬਰ ਵਿਚ ਵਿਚ ਭਾਰਤ ਵਿਚ ਮਿਲਿਆ ਸੀ। ਇਹੀ ਵੈਰੀਐਂਟ ਦੁਨੀਆ ਭਰ ਦੇ 44 ਦੇਸ਼ਾਂ ਤੋਂ ਲਏ ਗਏ 4500 ਸੈਂਪਲਾਂ ਵਿਚ ਪਾਇਆ ਗਿਆ ਹੈ।ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਮਹਾਮਾਰੀ ਨੂੰ ਲੈਕੇ ਹਰ ਹਫ਼ਤੇ ਜਾਰੀ ਕੀਤੀ ਜਾਣ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 44 ਦੇਸ਼ਾਂ ਦੇ ਇਲਾਵਾ 5 ਹੋਰ ਦੇਸ਼ਾਂ ਵਿਚ ਇਸ ਦੇ ਮਿਲਣ ਦੀ ਖ਼ਬਰ ਮਿਲੀ ਹੈ। ਸੰਗਠਨ ਮੁਤਾਬਕ ਭਾਰਤ ਦੇ ਇਲਾਵਾ ਇਸ ਵੈਰੀਐਂਟ ਦੇ ਸਭ ਤੋਂ ਵੱਧ ਮਾਮਲੇ ਬ੍ਰਿਟੇਨ ਵਿਚ ਮਿਲੇ ਹਨ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਵਿਸ਼ਵ ਸਿਹਤ ਸੰਗਠਨ ਨੇ B.1.617 ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਅਤੇ ਥੋੜ੍ਹੇ ਵੱਖਰੇ ਮਿਊਟੇਸ਼ਨ ਦੇ ਕਾਰਨ ਇਸ 'ਤੇ ਚਿੰਤਾ ਜ਼ਾਹਰ  ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਯੂਨੀਵਰਸਿਟੀ ਨੇ mRNA ਵੈਕਸੀਨ ਬਣਾਉਣ ਦੀ ਯੋਜਨਾ ਦਾ ਕੀਤਾ ਖੁਲਾਸਾ

ਕੋਰੋਨਾ ਦੇ ਇਸ ਵੈਰੀਐਂਟ ਨੂੰ ਵਿਸ਼ਵ ਸਿਹਤ ਸੰਗਠਨ ਨੇ ਉਹਨਾਂ ਤਿੰਨ ਖਤਰਨਾਕ ਕੋਰੋਨਾ ਦੇ ਪ੍ਰਕਾਰਾਂ ਦੀ ਸ਼੍ਰੇਣੀ ਵਿਚ ਪਾ ਦਿਤਾ ਹੈ ਜੋ ਸਭ ਤੋਂ ਪਹਿਲਾਂ ਬ੍ਰਿਟੇਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚ ਮਿਲੇ ਸਨ। ਇਹਨਾਂ ਵੈਰੀਐਂਟਾਂ ਨੂੰ ਮੂਲ ਕੋਰੋਨਾ ਵਾਇਰਸ ਦੀ ਤੁਲਨਾ ਵਿਚ ਜ਼ਿਆਦਾ ਖਤਰਨਾਕ ਮੰਨਿਆ ਗਿਆ ਸੀ ਕਿਉਂਕਿ ਉਹ ਤੇਜ਼ੀ ਨਾਲ ਫੈਲਦੇ ਹਨ ਅਤੇ ਵੈਕਸੀਨ ਦੇ ਅਸਰ ਨੂੰ ਵੀ ਘੱਟ ਕਰਨ ਵਿਚ ਸਮਰੱਥ ਹਨ ਅਤੇ ਜਾਨਲੇਵਾ ਹਨ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਵਿਚ ਮਿਲਿਆ ਕੋਰੋਨਾ ਦਾ ਇਹ ਵੈਰੀਐਂਟ ਹੋਰ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਡਬਲਊ.ਐੱਚ.ਓ. ਨੇ ਅੱਗੇ ਕਿਹਾ ਕਿ ਇਸ ਵੈਰੀਐਂਟ ਤੋਂ ਪੀੜਤ ਮਰੀਜ਼ ਨੂੰ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਇਹ ਐਂਟੀਬੌਡੀ ਦੇ ਨਿਊਟ੍ਰਾਲਾਈਜੇਸ਼ਨ ਨੂੰ ਵੀ ਘਟਾ ਦਿੰਦਾ ਹੈ। ਸੰਗਠਨ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਦੇ ਪਿੱਛੇ ਸਭ ਤੋਂ ਵੱਧ ਜ਼ਿੰਮੇਵਾਰ ਇਹੀ ਵੈਰੀਐਂਟ ਹੈ।

ਕੋਰੋਨਾ ਨੇ ਅਮਰੀਕਾ ਦੇ ਬਾਅਦ ਭਾਰਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਵਰਤਮਾਨ ਵਿਚ ਭਾਰਤ ਵਿਚ ਰੋਜ਼ਾਨਾ 30 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਰੋਜ਼ਾਨਾ 4 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਡਬਲਊ.ਐੱਚ.ਓ. ਨੇ ਅੱਗੇ ਕਿਹਾ ਕਿ ਭਾਰਤ ਵਿਚ ਹੁਣ ਤੱਕ ਸਿਰਫ 0.1 ਫੀਸਦ ਕੋਰੋਨਾ ਦੇ ਪਾਜ਼ੇਟਿਵ ਟੈਸਟਾਂ ਨੂੰ ਜੈਨੇਟਿਕ ਤੌਰ 'ਤੇ ਕ੍ਰਮਬੱਧ ਕੀਤਾ ਗਿਆ ਹੈ। ਡਬਲਊ.ਐੱਚ.ਓ. ਨੇ ਅੱਗੇ ਕਿਹਾ ਕਿ ਅਪ੍ਰੈਲ ਦੇ ਅਖੀਰ ਤੱਕ ਜੈਨੇਟਿਕ ਤੌਰ 'ਤੇ ਕ੍ਰਮਬੱਧ ਕੀਤੇ ਗਏ ਸੈਂਪਲਾਂ ਵਿਚ 21 ਫੀਸਦੀ ਮਾਮਲਿਆਂ ਵਿਚ B.1.617 ਦੇ ਸਨ ਜਦਕਿ 7 ਫੀਸਦੀ ਮਾਮਲੇ B.1.617.2 ਵੈਰੀਐਂਟ ਦੇ ਸਨ। ਸੰਗਠਨ ਨੇ ਅੱਗੇ ਕਿਹਾ ਕਿ ਇਸ ਦੇ ਇਲਾਵਾ ਵੱਧ ਛੂਤਕਾਰੀ ਵੈਰੀਐਂਟ ਵੀ ਦੇਸ਼ ਵਿਚ ਫੈਲ ਰਹੇ ਹਨ, ਜਿਹਨਾਂ ਵਿਚ B.1.617 ਵੀ ਸ਼ਾਮਲ ਹਨ ਜੋ ਪਹਿਲੀ ਵਾਰ ਬ੍ਰਿਟੇਨ ਵਿਚ ਪਾਇਆ ਗਿਆ ਸੀ।

ਨੋਟ- ਦੁਨੀਆ ਦੇ 44 ਦੇਸ਼ਾਂ 'ਚ ਮਿਲਿਆ ਭਾਰਤ ਦਾ ਕੋਵਿਡ-19 ਵੈਰੀਐਂਟ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News