ਟਰੰਪ ਨੇ ਅਮਰੀਕੀ ਸਕੂਲਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਮੁੜ ਖੋਲ੍ਹੋ ਨਹੀਂ ਤਾਂ ਕੱਟਾਂਗੇ ਫੰਡ
Thursday, Jul 09, 2020 - 09:09 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਦੇਸ਼ ਵਿਚ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਵ੍ਹਾਈਟ ਹਾਊਸ ਦਬਾਅ ਪਾ ਰਿਹਾ ਹੈ। ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 30 ਲੱਖ ਨੂੰ ਪਾਰ ਕਰ ਗਈ ਹੈ ਅਤੇ ਇੱਥੇ ਇਸ ਮਹਾਂਮਾਰੀ ਕਾਰਨ 1,32,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਉਹ ਸਕੂਲ ਦੁਬਾਰਾ ਨਾ ਖੋਲ੍ਹਣ ਦੀ ਸੂਰਤ ਵਿਚ ਸਕੂਲਾਂ ਲਈ ਫੈਡਰਲ ਫੰਡਾਂ ਵਿਚ ਕਟੌਤੀ ਕਰਨਗੇ। ਉਨ੍ਹਾਂ ਇਸ ਦੇ ਨਾਲ ਹੀ ਸਕੂਲ ਖੋਲ੍ਹਣ ਸੰਬੰਧੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਪੱਤਰਕਾਰ ਵਾਰਤਾ ਦੌਰਾਨ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਸੀ. ਡੀ. ਸੀ. ਸਕੂਲ ਖੋਲ੍ਹਣ ਲਈ ਅਗਲੇ ਹਫਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।
ਉਨ੍ਹਾਂ ਕਿਹਾ ਕਿ ਸਾਰੇ ਅਮਰੀਕੀ ਜਾਣਦੇ ਹਨ ਕਿ ਅਸੀਂ ਸੁਰੱਖਿਅਤ ਢੰਗ ਨਾਲ ਸਕੂਲ ਖੋਲ੍ਹ ਸਕਦੇ ਹਾਂ। ਪਿਛਲੇ ਮੰਗਲਵਾਰ ਟਰੰਪ ਨੇ ਸਰਕਾਰੀ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨਾਲ ਇਕ ਬੈਠਕ ਵਿਚ ਕਿਹਾ ਸੀ ਕਿ ਅਸੀਂ ਗਵਰਨਰ ਅਤੇ ਹੋਰਾਂ ਨੂੰ ਸਕੂਲ ਖੋਲ੍ਹਣ ਲਈ ਦਬਾਅ ਪਾਵਾਂਗੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਮਰੀਕਾ ਵਿਚ ਰਿਕਾਰਡ 60,021 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਜੋ ਹੁਣ ਤਕ ਦੇ ਇਕ ਦਿਨ ਵਿਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।