ਜਦੋਂ ਹਾਂਗਕਾਂਗ ''ਚ ਪ੍ਰਦਰਸ਼ਨਕਾਰੀਆਂ ਨੇ ਸੜਕਾਂ ''ਤੇ ਗਾਇਆ ਅਮਰੀਕੀ ਰਾਸ਼ਟਰਗਾਨ
Sunday, Sep 08, 2019 - 09:50 PM (IST)

ਹਾਂਗਕਾਂਗ (ਏਜੰਸੀ)- ਹਾਂਗਕਾਂਗ ਦੇ ਅੰਦੋਲਨ 'ਚ ਐਤਵਾਰ ਨੂੰ ਨਵਾਂ ਚੈਪਟਰ ਜੁੜ ਗਿਆ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਰਾਸ਼ਟਰਗਾਨ ਗਾਉਂਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੀਨੀ ਸੱਤਾ ਤੋਂ ਮੁਕਤੀ ਦਿਵਾਓ। ਇਸ ਤੋਂ ਬਾਅਦ ਪੁਲਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਮਹਾਨਗਰ ਦੇ ਕਈ ਇਲਾਕਿਆਂ ਵਿਚ ਟਕਰਾਅ ਸ਼ੁਰੂ ਹੋ ਗਿਆ। ਅਮਰੀਕਾ ਨੇ ਚੀਨ ਤੋਂ ਹਾਂਗਕਾਂਗ ਦੇ ਅੰਦੋਲਨ ਨਾਲ ਨਜਿੱਠਣ ਵਿਚ ਸੰਜਮ ਵਰਤਣ ਦੀ ਅਪੀਲ ਕੀਤੀ। ਚੀਨ ਨੇ ਇਸ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਦੇ ਹੋਏ ਵਿਚੋਲਗੀ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ। ਉਸ ਨੇ ਅਮਰੀਕਾ ਅਤੇ ਬ੍ਰਿਟੇਨ ਨੂੰ ਹਾਂਗਕਾਂਗ ਦੀ ਅਸ਼ਾਂਤੀ ਲਈ ਜ਼ਿੰਮੇਵਾਰ ਦੱਸਿਆ।
ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਲਗਾਈ ਅੱਗ
ਹਾਂਗਕਾਂਗ ਵਿਚ ਐਤਵਾਰ ਨੂੰ ਅੰਦੋਲਨ ਦੀ ਸ਼ੁਰੂਆਤ ਸ਼ਾਂਤੀਪੂਰਨ ਢੰਗ ਨਾਲ ਹੋਈ। ਧੁੱਪ ਵਿਚ ਛੱਤਰੀ ਲਗਾ ਕੇ ਅਤੇ ਹੱਥਾਂ ਵਿਚ ਲੋਕਤੰਤਰਿਕ ਮੰਗਾਂ ਦੀਆਂ ਤਖਤੀਆਂ ਫੜ ਕੇ ਨੌਜਵਾਨ ਹੌਲੀ-ਹੌਲੀ ਅੱਗੇ ਵੱਧਦੇ ਰਹੇ। ਪਰ ਕੁਝ ਦੇਰ ਬਾਅਦ ਅੰਦੋਲਨ ਹਿੰਸਕ ਹੋ ਗਿਆ। ਇਸ ਤੋਂ ਬਾਅਦ ਬੈਰੀਕੇਡਿੰਗ ਅਤੇ ਸੜਕਾਂ ਕੰਢੇ ਇਮਾਰਤਾਂ ਦੀਆਂ ਖਿੜਕੀਆਂ ਦੀ ਤੋੜਭੰਨ ਸ਼ੁਰੂ ਹੋ ਗਈ। ਸੜਕਾਂ 'ਤੇ ਥਾਂ-ਥਾਂ ਅੱਗ ਲਗਾਈ ਗਈ। ਪੁਲਸ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਜਦੋਂ ਜ਼ੋਰ ਅਜ਼ਮਾਇਸ਼ ਕੀਤੀ ਤਾਂ ਜਵਾਬ ਵਿਚ ਪੱਥਰਬਾਜ਼ੀ ਸ਼ੁਰੂ ਹੋ ਗਈ। ਟਕਰਾਅ ਦਾ ਇਹ ਸਿਲਸਿਲਾ ਕਈ ਘੰਟੇ ਚੱਲਿਆ। ਇਸ ਦੌਰਾਨ ਨੌਜਵਾਨ ਪ੍ਰਦਰਸ਼ਨਕਾਰੀ ਆਜ਼ਾਦੀ ਦੀ ਮੰਗ ਲਈ ਨਾਅਰੇ ਲਗਾਉਂਦੇ ਰਹੇ।
ਅਮਰੀਕੀ ਵਣਜ ਸਫਾਰਤਖਾਨੇ ਨੇੜੇ ਪਹੁੰਚ ਕੇ ਉਨ੍ਹਾਂ ਨੇ ਚੀਨ ਨੂੰ ਰੋਕਣ ਅਤੇ ਹਾਂਗਕਾਂਗ ਨੂੰ ਆਜ਼ਾਦੀ ਦਿਵਾਉਣ ਦੇ ਨਾਅਰੇ ਲਗਾਏ। ਪੁਲਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹਾਂਗਕਾਂਗ ਦੇ ਅੰਦੋਲਨ ਨਾਲ ਨਜਿੱਠਣ ਵਿਚ ਚੀਨ ਤੋਂ ਸੰਜਮ ਵਰਤਣ ਦੀ ਅਪੀਲ ਕੀਤੀ। ਉਹ ਇਨੀਂ ਦਿਨੀਂ ਪੈਰਿਸ ਦੀ ਯਾਤਰਾ 'ਤੇ ਹੈ। ਅਗਸਤ ਵਿਚ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਹਾਂਗਕਾਂਗ ਦੀ ਸਮੱਸਿਆ ਮਨੁੱਖੀ ਤਰੀਕੇ ਨਾਲ ਸੁਲਝਾਉਣ ਦੀ ਸਲਾਹ ਦਿੱਤੀ ਸੀ। ਸਾਲ 1997 ਤੱਕ ਬ੍ਰਿਟਿਸ਼ ਰਾਜ ਵਿਚ ਰਿਹਾ ਹਾਂਗਕਾਂਗ ਇਸ ਸ਼ਰਤ ਦੇ ਨਾਲ ਚੀਨ ਨੂੰ ਦਿੱਤਾ ਗਿਆ ਸੀ ਕਿ ਨਾਗਰਿਕਾਂ ਦੇ ਲੋਕਤੰਤਰਿਕ ਅਧਿਕਾਰ ਬਣੇ ਰਹਿਣਗੇ। ਚੀਨ ਨੇ ਹਾਂਗਕਾਂਗ ਨੂੰ ਖੁਦਮੁਖਤਿਆਰੀ ਦਿੱਤੀ। ਪਰ ਹੌਲੀ-ਹੌਲੀ ਨਾਗਰਿਕ ਅਧਿਕਾਰੀਆਂ ਵਿਚ ਕਟੌਤੀ ਸ਼ੁਰੂ ਕਰ ਦਿੱਤੀ। ਇਸ ਨਾਲ ਹਾਂਗਕਾਂਗ ਵਾਸੀਆਂ ਨੂੰ ਲੱਗਣ ਲੱਗਾ ਕਿ ਇਕ ਦਿਨ ਉਨ੍ਹਾਂ ਦੀ ਖੁਦਮੁਖਤਿਆਰੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਉਥੇ ਲੋਕਤੰਤਰ ਦੀ ਮੰਗ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ।