ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ''ਤੇ ਇਹ ਕੁਝ ਬੋਲਿਆ ਚੀਨ

Thursday, Aug 13, 2020 - 03:37 AM (IST)

ਕਮਲਾ ਹੈਰਿਸ ਦੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ''ਤੇ ਇਹ ਕੁਝ ਬੋਲਿਆ ਚੀਨ

ਪੇਈਚਿੰਗ - ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਨੇ ਭਾਰਤੀ ਮੂਲ ਦੀ ਸੈਨੇਟਰ ਕਲਮਾ ਹੈਰਿਸ ਨੂੰ ਉਪ-ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ, ਜਦ ਕੋਈ ਗੈਰ-ਗੋਰੀ ਬੀਬੀ ਦੇਸ਼ ਦੀ ਕਿਸੇ ਵੱਡੀ ਪਾਰਟੀ ਵੱਲੋਂ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹੈ। ਜੇਕਰ ਹੈਰਿਸ ਉਪ-ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹ ਇਹ ਅਹੁਦਾ ਸੰਭਾਲਣ ਵਾਲੀ ਅਮਰੀਕਾ ਦੀ ਪਹਿਲੀ ਮਹਿਲਾ ਹੋਵੇਗੀ ਅਤੇ ਦੇਸ਼ ਦੀ ਪਹਿਲੀ ਭਾਰਤੀ-ਅਮਰੀਕੀ ਅਤੇ ਅਫਰੀਕੀ ਉਪ-ਰਾਸ਼ਟਰਪਤੀ ਹੋਵੇਗੀ।

ਅਮਰੀਕਾ ਦਾ ਅੰਦਰੂਨੀ ਮਾਮਲਾ ਦੱਸ ਚੀਨ ਨੇ ਝਾੜਿਆ ਪੱਲਾ
ਹੈਰਿਸ ਨੂੰ ਅਮਰੀਕੀ ਚੋਣਾਂ ਵਿਚ ਉਪ-ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਹੈਰਿਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਉਧਰ, ਅਮਰੀਕਾ ਨਾਲ ਵੱਧਦੇ ਤਣਾਅ ਵਿਚਾਲੇ ਚੀਨ ਨੇ ਹੈਰਿਸ ਦੀ ਉਮੀਦਵਾਰ 'ਤੇ ਖੁੱਲ੍ਹ ਕੇ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ਾਨ ਨੇ ਬੀਜ਼ਿੰਗ ਵਿਚ ਕਿਹਾ ਕਿ ਇਹ ਅਮਰੀਕਾ ਦਾ ਅੰਦਰੂਨੀ ਮਾਮਲਾ ਹੈ ਅਤੇ ਦਖਲਅੰਦਾਜ਼ੀ ਕਰਨ ਵਿਚ ਸਾਡੀ ਕੋਈ ਦਿਲਚਸਪੀ ਨਹੀਂ ਹੈ।

ਇਸ ਲਈ ਚੀਨ ਨੇ ਨਹੀਂ ਕੀਤੀ ਕੋਈ ਟਿੱਪਣੀ
ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਇਸ ਲਈ ਕੋਈ ਟਿੱਪਣੀ ਨਹੀਂ ਕੀਤੀ ਕਿਉਂਕਿ ਉਸ ਦੇ ਉਪਰ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲੱਗ ਚੁੱਕਿਆ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਆਪਣੀ ਕਿਤਾਬ ਵਿਚ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਚੀਨ ਤੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਮਦਦ ਮੰਗੀ ਸੀ। ਉਥੇ, ਅਮਰੀਕੀ ਖੁਫੀਆ ਏਜੰਸੀਆਂ ਨੇ ਵੀ ਰਾਸ਼ਟਰਪਤੀ ਚੋਣਾਂ ਵਿਚ ਚੀਨ ਦੀ ਦਖਲਅੰਦਾਜ਼ੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।

ਅੱਗ 'ਚ ਘਿਓ ਪਾਉਣ ਦਾ ਕੰਮ ਕਰੇਗੀ ਉਨਾਂ ਦੀ ਉਮੀਦਵਾਰੀ
ਉਥੇ, ਚੀਨ ਦੀ ਸਰਕਾਰੀ ਮੀਡੀਆ ਦੇ ਮਾਹਿਰਾਂ ਨੇ ਆਪਣੀ ਟਿੱਪਣੀ ਵਿਚ ਕਿਹਾ ਹੈ ਕਿ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਡੈਮੋਕ੍ਰੇਟਿਕ ਪਾਰਟੀ ਦਾ ਫੈਸਲਾ ਚੀਨ-ਅਮਰੀਕਾ ਵਿਚਾਲੇ ਇਸ ਵੇਲੇ ਜਾਰੀ ਤਣਾਅ ਵਿਚ ਅੱਗ ਵਿਚ ਘਿਓ ਪਾਉਣ ਦਾ ਕੰਮ ਕਰੇਗਾ। ਹੈਰਿਸ ਸ਼ਿਨਜਿਆਂਗ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਲੈ ਕਾਫੀ ਸਰਗਰਮ ਰਹੀ ਹੈ।


author

Khushdeep Jassi

Content Editor

Related News