ਆਸਟ੍ਰੇਲੀਆ ''ਚ ਕਾਰ ਅਤੇ ਸੈਮੀ ਟਰੱਕ ਟਰੇਲਰ ਦੀ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ

08/20/2018 11:32:58 AM

ਪੱਛਮੀ ਆਸਟ੍ਰੇਲੀਆ (ਏਜੰਸੀ)— ਪੱਛਮੀ ਆਸਟ੍ਰੇਲੀਆ 'ਚ ਇਕ ਕਾਰ ਅਤੇ ਸੈਮੀ ਟਰੱਕ ਟਰੇਲਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਮਾਂ ਅਤੇ ਉਸ ਦੇ 10 ਸਾਲਾ ਪੁੱਤ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਐਤਵਾਰ ਦੀ ਰਾਤ ਨੂੰ ਪੱਛਮੀ ਆਸਟ੍ਰੇਲੀਆ ਦੇ ਬਰੂਕਟਨ-ਕੋਰੀਗਿਨ ਰੋਡ 'ਤੇ ਵਾਪਰਿਆ। 26 ਸਾਲਾ ਔਰਤ ਆਪਣੇ ਪਤੀ ਅਤੇ 4 ਬੱਚਿਆਂ ਨਾਲ ਕਾਰ 'ਚ ਸਵਾਰ ਹੋ ਕੇ ਜਾ ਰਹੀ ਸੀ ਤਾਂ ਅਚਾਨਕ ਕਾਰ ਦੀ ਟੱਕਰ ਸੈਮੀ ਟਰੱਕ ਟਰੇਲਰ ਨਾਲ ਹੋ ਗਈ। ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। 

 

PunjabKesari

 

ਦਰਅਸਲ ਪੈਟਰੋਲ ਖਤਮ ਹੋਣ ਕਾਰਨ ਕਾਰ ਨੂੰ ਕੋਰੀਗਿਨ ਰੋਡ 'ਤੇ ਪਾਰਕ ਕੀਤਾ ਗਿਆ ਸੀ ਅਤੇ ਬੱਚਿਆਂ ਦਾ ਪਿਤਾ ਪੈਦਲ ਤੇਲ ਲੈਣ ਲਈ ਗਿਆ ਸੀ। ਪੁਲਸ ਨੇ ਦੱਸਿਆ ਕਿ ਸੈਮੀ ਟਰੱਕ ਟਰੇਲਰ ਨੂੰ 46 ਸਾਲਾ ਡਰਾਈਵਰ ਚਲਾ ਰਿਹਾ ਸੀ। ਟਰੇਲਰ ਦੀ ਟੱਕਰ ਪਾਰਕ ਕੀਤੀ ਕਾਰ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੌਕੇ 'ਤੇ ਹੀ ਮਾਂ ਅਤੇ ਪੁੱਤ ਦੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਤਿੰਨ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਬੱਚਿਆਂ ਨੂੰ ਪਰਥ ਦੇ ਚਿਲਡਰਨ ਹਸਪਤਾਲ 'ਚ ਰੈਸਕਿਊ ਹੈਲੀਕਾਪਟਰ ਜ਼ਰੀਏ ਲਿਜਾਇਆ ਗਿਆ। ਹਾਦਸੇ ਮਗਰੋਂ ਪੁੱਜੀ ਪੁਲਸ ਨੇ ਦੇਖਿਆ ਕਿ ਘਟਨਾ ਵਾਲੀ ਥਾਂ ਤੋਂ ਬੱਚਿਆਂ ਦਾ ਪਿਤਾ 9 ਕਿਲੋਮੀਟਰ ਦੀ ਦੂਰੀ 'ਤੇ ਤੇਲ ਲੈਣ ਲਈ ਚਲਾ ਗਿਆ ਸੀ। ਪੁਲਸ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਕੋਰੀਗਿਨ ਦਾ ਰਹਿਣ ਵਾਲਾ ਹੈ। ਹਾਦਸੇ ਮਗਰੋਂ ਰੋਡ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।


Related News