ਮੱਛਰਾਂ ਤੋਂ ਹੋਣ ਵਾਲੀ ਘਾਤਕ ਬੀਮਾਰੀ ਨਾਲ ਹੋ ਸਕਦੈ ਦਿਮਾਗ ''ਤੇ ਅਸਰ, ਇਸ ਉਮਰ ''ਚ ਵਧੇਰੇ ਖਤਰਾ

Tuesday, Sep 01, 2020 - 02:33 PM (IST)

ਮੱਛਰਾਂ ਤੋਂ ਹੋਣ ਵਾਲੀ ਘਾਤਕ ਬੀਮਾਰੀ ਨਾਲ ਹੋ ਸਕਦੈ ਦਿਮਾਗ ''ਤੇ ਅਸਰ, ਇਸ ਉਮਰ ''ਚ ਵਧੇਰੇ ਖਤਰਾ

ਵਿੰਡਸਰ- ਕੋਰੋਨਾ ਵਾਇਰਸ ਤੋਂ ਬਾਅਦ ਕੈਨੇਡਾ ਵਿਚ ਹੁਣ ਮੱਛਰਾਂ ਤੋਂ ਫੈਲਣ ਵਾਲੀ ਇਕ ਅਜਿਹੀ ਬੀਮਾਰੀ ਬਾਰੇ ਪਤਾ ਲੱਗਾ ਹੈ ਜਿਸ ਨਾਲ ਵਿਅਕਤੀ ਦੇ ਦਿਮਾਗ 'ਤੇ ਅਸਰ ਪੈਂਦਾ ਹੈ। 

ਸੋਮਵਾਰ ਨੂੰ ਵਿੰਡਸਰ-ਅਸੈਕਸ ਖੇਤਰ ਵਿਚ ਇਕ ਵਿਅਕਤੀ ਦੇ ਇਸ ਬੀਮਾਰੀ ਦਾ ਸ਼ਿਕਾਰ ਹੋਣ ਦੀ ਖਬਰ ਮਿਲੀ ਹੈ, ਜੋ ਇਸ ਸਾਲ ਦਾ ਵੈੱਸਟ ਨੀਲ ਵਾਇਰਸ ਦਾ ਪਹਿਲਾ ਮਾਮਲਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਬਹੁਤੇ ਲੋਕ ਮੱਛਰ ਲੜਨ ਨੂੰ ਆਮ ਸਮਝਦੇ ਹਨ ਪਰ ਕਈ ਵਾਰ ਇਹ ਭਿਆਨਕ ਬੀਮਾਰੀਆਂ ਨੂੰ ਜਨਮ ਦੇ ਦਿੰਦੇ ਹਨ। 

27 ਜੁਲਾਈ ਨੂੰ ਦੋ ਤੈਰਾਕੀ ਪੂਲਜ਼ ਵਿਚ ਵੈਸਟ ਨੀਲ ਵਾਇਰਸ ਦੇ ਨਮੂਨੇ ਮਿਲੇ ਸਨ। ਬਹੁਤੇ ਲੋਕਾਂ ਨੂੰ ਇਸ ਵਾਇਰਸ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਇਹ ਵੱਧ ਜਾਂਦਾ ਹੈ। 20 ਫੀਸਦੀ ਮਾਮਲਿਆਂ ਵਿਚ ਰੋਗੀ ਵਿਚ ਇਸ ਦੀ ਪਛਾਣ ਹੋ ਜਾਂਦੀ ਹੈ। ਇਹ ਖਤਰਨਾਕ ਹੋ ਸਕਦਾ ਹੈ ਕਿਉਂਕਿ ਰੋਗੀ ਨੂੰ ਦਿਮਾਗ ਸਬੰਧੀ ਬੀਮਾਰੀਆਂ ਹੋ ਸਕਦੀਆਂ ਹਨ। ਜਿਸ ਕਾਰਨ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਗਰਦਨ ਦੀ ਸਮੱਸਿਆ, ਕੋਮਾ ਵਿਚ ਚਲੇ ਜਾਣਾ, ਅਧਰੰਗ ਹੋਣਾ ਆਦਿ ਬੀਮਾਰੀਆਂ ਹੋ ਸਕਦੀਆਂ ਹਨ। 

ਡਾਕਟਰ ਵਾਜਿਦ ਅਹਿਮਦ ਨੇ ਕਿਹਾ ਕਿ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਦਾ ਵਧੇਰੇ ਖਤਰਾ ਰਹਿੰਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਾਹਰ ਨਿਕਲਣ ਸਮੇਂ ਆਪਣਾ ਸਰੀਰ ਢੱਕ ਕੇ ਨਿਕਲਣ ਤਾਂ ਕਿ ਮੱਛਰਾਂ ਤੋਂ ਹੋਣ ਵਾਲੀ ਇਸ ਬੀਮਾਰੀ ਤੋਂ ਬਚਾਅ ਕਰ ਸਕਣ। ਇਹ ਬਹੁਤ ਜ਼ਰੂਰੀ ਹੈ ਕਿ ਪਾਣੀ ਨੂੰ ਬਹੁਤੇ ਸਮੇਂ ਤੱਕ ਇਕ ਥਾਂ 'ਤੇ ਖੜ੍ਹਾ ਨਾ ਹੋਣ ਦਿੱਤਾ ਜਾਵੇ। ਸਥਾਨਕ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਲਈ ਲੋੜੀਂਦੇ ਕਦਮ ਚੁੱਕਣ।


author

Lalita Mam

Content Editor

Related News