ਸਾਨੂੰ ਕਸ਼ਮੀਰ ਸਮੇਤ ਕਿਤੇ ਵੀ ਰਹਿੰਦੇ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨ ਦਾ ਅਧਿਕਾਰ: ਤਾਲਿਬਾਨ

09/03/2021 4:58:10 PM

ਇਸਲਾਮਾਬਾਦ (ਭਾਸ਼ਾ) : ਤਾਲਿਬਾਨ ਦੇ ਸ਼ਾਸਨ ਅਧੀਨ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਭਾਰਤ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੇ ਜਾਣ ਦੇ ਖ਼ਦਸ਼ੇ ਦਰਮਿਆਨ ਸਮੂਹ ਨੇ ਕਿਹਾ ਹੈ ਕਿ ਉਸ ਨੂੰ ਕਸ਼ਮੀਰ ਸਮੇਤ ਕਿਤੇ ਵੀ ਰਹਿੰਦੇ ਮੁਸਲਮਾਨਾਂ ਦੇ ਪੱਖ ਵਿਚ ਬੋਲਣ ਦਾ ਅਧਿਕਾਰ ਹੈ। ਹਾਲਾਂਕਿ ਉਸ ਨੇ ਕਿਹਾ ਕਿ ਉਸ ਦੀ ਕਿਸੇ ਵੀ ਦੇਸ਼ ਖ਼ਿਲਾਫ਼ ‘ਹਥਿਆਬੰਦ ਕਾਰਵਾਈਆਂ’ ਨੂੰ ਅੰਜਾਮ ਦੇਣ ਦੀ ਨੀਤੀ ਨਹੀਂ ਹੈ। ਦੋਹਾ ਵਿਚ ਤਾਲਿਬਾਨ ਦੇ ਰਾਜਨੀਤਕ ਦਫ਼ਤਰ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਵੀਰਵਾਰ ਨੂੰ ਵੀਡੀਓ ਲਿੰਕ ਜ਼ਰੀਏ ਬੀ.ਬੀ.ਸੀ. ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ‘ਅਸੀਂ ਆਵਾਜ਼ ਬੁਲੰਦ ਕਰਾਂਗੇ ਅਤੇ ਕਹਾਂਗੇ ਕਿ ਮੁਸਲਮਾਨ ਤੁਹਾਡੇ ਆਪਣੇ ਲੋਕ ਹਨ, ਤੁਹਾਡੇ ਆਪਣੇ ਨਾਗਰਿਕ ਅਤੇ ਉਨ੍ਹਾਂ ਨੂੰ ਤੁਹਾਡੇ ਕਾਨੂੰਨ ਤਹਿਤ ਬਰਾਬਰ ਅਧਿਕਾਰੀ ਮਿਲਣੇ ਚਾਹੀਦੇ ਹਨ।’

ਇਹ ਵੀ ਪੜ੍ਹੋ: ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹੈ ਤਾਲਿਬਾਨ, ਕਸ਼ਮੀਰ ਨੂੰ ਲੈ ਕੇ ਆਖ਼ੀ ਇਹ ਗੱਲ

ਸ਼ਾਹੀਨ ਨੇ ਕਿਹਾ ਕਿ ਮੁਸਲਮਾਨ ਹੋਣ ਦੇ ਨਾਤੇ ਇਹ ਸਮੂਹ ਦਾ ਅਧਿਕਾਰ ਹੈ ਕਿ ਉਹ ਕਸ਼ਮੀਰ ਅਤੇ ਕਿਸੇ ਵੀ ਹੋਰ ਦੇਸ਼ ਵਿਚ ਰਹਿ ਰਹੇ ਮੁਸਲਮਾਨਾਂ ਲਈ ਆਵਾਜ਼ ਚੁੱਕੇ। ਅਮਰੀਕਾ ਨਾਲ ਦੋਹਾ ਸਮਝੌਤੇ ਦੀਆਂ ਸ਼ਰਤਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ‘ਕਿਸੇ ਵੀ ਦੇਸ਼ ਖ਼ਿਲਾਫ਼ ਹਥਿਆਰਬੰਦ ਕਾਰਵਾਈਆਂ ਕਰਨ ਦੀ ਕੋਈ ਨੀਤੀ ਨਹੀਂ ਹੈ।’ ਕੁੱਝ ਦਿਨ ਪਹਿਲਾਂ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਕਤਰ ਵਿਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਤਾਲਿਬਾਨ ਦੀ ਬੇਨਤੀ ’ਤੇ ਦੋਹਾ ਵਿਚ ਉਸ ਦੇ ਰਾਜਨੀਤਕ ਦਫ਼ਤਰ ਦੇ ਮੁੁਖੀ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਦੀਆਂ ਉਨ੍ਹਾਂ ਚਿੰਤਾਵਾਂ ਨੂੰ ਚੁੱਕਿਆ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਕੀਤਾ ਜਾਣਾ ਚਾਹੀਦਾ। 

ਇਹ ਵੀ ਪੜ੍ਹੋ: ਇਹ ਇਸ਼ਕ ਹੈ ਜਨਾਬ! ਆਮ ਮੁੰਡੇ ਦੇ ਪਿਆਰ 'ਚ ਜਾਪਾਨ ਦੀ ਰਾਜਕੁਮਾਰੀ ਨੇ ਸ਼ਾਹੀ ਘਰਾਣੇ ਦੀ ਦੌਲਤ ਨੂੰ ਮਾਰੀ ਠੋਕਰ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਹਫ਼ਤਾਵਾਰੀ ਬ੍ਰੀਫਿੰਗ ਵਿਚ ਕਿਹਾ ਸੀ, ‘ਸਾਡਾ ਧਿਆਨ ਇਸ ਗੱਲ ’ਤੇ ਹੈ ਕਿ ਅਫ਼ਗਾਨ ਧਰਤੀ ਦਾ ਇਸਤੇਮਾਲ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਲਈ ਨਹੀਂ ਹੋਣਾ ਚਾਹੀਦਾ ਅਤੇ ਤਾਲਿਬਾਨ ਨੂੰ ਮਾਨਤਾ ਦੇਣ ਦੀਆਂ ਸੰਭਾਵਨਾਵਾਂ ਦੇ ਬਾਰੇ ਵਿਚ ਅਜੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।’ ਮਿੱਤਲ ਦੀ ਸਤਾਨਿਕਜ਼ਈ ਨਾਲ ਮੁਲਾਕਾਤ ਦੇ ਬਾਰੇ ਵਿਚ ਇਕ ਸਵਾਲ ਦੇ ਜਵਾਬ ਵਿਚ ਬਾਗਚੀ ਨੇ ਕਿਹਾ, ‘ਅਸੀਂ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਾਉਣ ਲਈ ਇਸ ਮੌਕੇ ਦਾ ਫ਼ਾਇਦਾ ਚੁੱਕਿਆ, ਭਾਵੇਂ ਇਹ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਣ ਨਾਲ ਸਬੰਧਤ ਹੋਵੇ ਜਾਂ ਫਿਰ ਅੱਤਵਾਦ ਦੇ ਬਾਰੇ ਵਿਚ ਹੋਵੇ। ਸਾਨੂੰ ਸਕਾਰਾਤਮਕ ਪ੍ਰਤੀਕਿਰਿਆ ਮਿਲੀ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News