ਪ੍ਰਕਾਸ਼ ਪੁਰਬ ਮੌਕੇ ਖੇਤੀ ਕਾਨੂੰਨ ਰੱਦ ਹੋਣ 'ਤੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
Friday, Nov 19, 2021 - 04:51 PM (IST)
ਸਿਡਨੀ/ਮੈਲਬੌਰਨ/ਬ੍ਰਿਸਬੇਨ (ਸਨੀ ਚਾਂਦਪੁਰੀ/ਮਨਦੀਪ ਸੈਣੀ/ਸੁਰਿੰਦਰ ਖ਼ੁਰਦ):- ਪ੍ਰਥਮ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਅਵਤਾਰ ਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਜਿਹਨਾਂ ਦੀ ਵਿਰੋਧ ਭਾਰਤ ਦੇ ਕਿਸਾਨਾਂ ਵੱਲੋ ਇੱਕ ਸਾਲ ਤੋਂ ਕੀਤਾ ਦਾ ਰਿਹਾ ਸੀ, ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਗੁਰਪੁਰਬ ਦੇ ਇਸ ਪਵਿੱਤਰ ਦਿਹਾੜੇ ਮੌਕੇ ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀ ਖੁਸ਼ੀ ਦੁਨੀਆ ਦੇ ਹਰ ਕੋਨੇ ਜਿੱਥੇ ਵੀ ਪੰਜਾਬੀ ਵੱਸਦੇ ਹਨ ਮਨਾਈ ਜਾ ਰਹੀ ਹੈ। ਆਸਟ੍ਰੇਲੀਆ ਵਿੱਚ ਪੰਜਾਬੀਆਂ ਵੱਲੋਂ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ।
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਕੈਨਬਰਾ, ਮੈਲਬੌਰਨ, ਐਡੀਲੇਡ, ਬ੍ਰਿਸਬੇਨ, ਪਰਥ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਇਸ ਦੀ ਖੁਸ਼ੀ ਮਨਾਈ ਗਈ ਅਤੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸ਼ੁਕਰਾਨੇ ਵਜੋਂ ਅਰਦਾਸ ਵੀ ਕੀਤੀ ਗਈ। ਫਾਰਮਰ ਯੁਨਿਟੀ ਕਲੱਬ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਤਸਮਾਨੀਆ ਦੀਆਂ ਸੰਗਤਾਂ ਵੱਲੋਂ ਵੀ ਕਿਸਾਨੀ ਸੰਘਰਸ਼ ਨੂੰ ਲੈ ਕੇ ਆਸਟ੍ਰੇਲੀਆ ਤੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ। ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੇ ਲੰਮੇ ਸੰਘਰਸ਼ ਦੀ ਜਿੱਤ ਹੈ ਜਿਸ ਅੱਗੇ ਸਰਕਾਰ ਨੂੰ ਆਪਣੀ ਅੜ ਛੱਡਣੀ ਪਈ ਅਤੇ ਕਿਸਾਨਾਂ ਦੀ ਗੱਲ ਮੰਨ ਕੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨਾ ਪਿਆ।
ਪੜ੍ਹੋ ਇਹ ਅਹਿਮ ਖਬਰ - ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕੀ ਸੈਨੇਟਰਾਂ ਅਤੇ ਕਾਂਗਰਸਮੈਨ ਸਾਹਮਣੇ ਉਠਾਏ 'ਇਮੀਗ੍ਰੇਸ਼ਨ' ਸਬੰਧੀ ਮੁੱਦੇ
ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ 700 ਦੇ ਕਰੀਬ ਕਿਸਾਨਾਂ ਦੀ ਮੌਤ ਹੋਈ ਹੈ। ਆਸਟ੍ਰੇਲੀਆ ਦੇ ਪੰਜਾਬੀ ਅਤੇ ਹਰਿਆਣੇ ਦੇ ਲੋਕਾਂ ਨੇ ਕਿਹਾ ਕਿ ਭਾਈਚਾਰੇ ਦੇ ਏਕਤਾ ਅਤੇ ਸਬਰ ਨੂੰ ਸਲਾਮ ਹੈ, ਜਿਸ ਨੇ ਇਹ ਕਾਨੂੰਨ ਰੱਦ ਕਰਵਾ ਦਿੱਤੇ ਅਤੇ ਸਾਨੂੰ ਖੁਸ਼ੀ ਹੈ ਕਿ ਗੁਰਪੁਰਬ ਦੇ ਦਿਨ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਹੈ। ਹੁਣ ਕਿਸਾਨ ਖੁਸ਼ੀ ਖੁਸ਼ੀ ਆਪਣੇ ਘਰ ਪਰਤ ਸਕਣਗੇ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿੱਚ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਭਾਰਤ ਦੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਸੀ ਅਤੇ ਆਸਟ੍ਰੇਲੀਆ ਵੱਸਦੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੈਲੀਆਂ ਕੀਤੀਆਂ ਗਈਆਂ ਸਨ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ।