ਵਾਸ਼ਿੰਗਟਨ 'ਚ ਮਨਾਇਆ ਗਿਆ ਗਾਂਧੀ ਜੀ ਦਾ 150ਵਾਂ ਜਨਮ ਦਿਨ
Thursday, Oct 03, 2019 - 11:30 AM (IST)
ਵਾਸ਼ਿੰਗਟਨ, (ਰਾਜ ਗੋਗਨਾ)— ਭਾਰਤੀ ਅੰਬੈਸੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ 150ਵਾਂ ਜਨਮ ਦਿਹਾੜਾ ਕਾਂਗਰਸ ਲਾਇਬ੍ਰੇਰੀ ਦੇ ਹਾਲ ਵਿੱਚ ਵਾਸ਼ਿੰਗਟਨ 'ਚ ਆਯੋਜਿਤ ਕੀਤਾ ਗਿਆ। ਜਿੱਥੇ ਮੁੱਖ ਮਹਿਮਾਨ ਵਜੋਂ 'ਸਪੀਕਰ ਆਫ ਦਿ ਹਾਊਸ' ਨੈਨਸੀ ਪੈਲੋਸੀ ਹਾਜ਼ਰ ਹੋਏ ਅਤੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਵੀ 'ਗੈਸਟ ਆਫ ਆਨਰ' ਵਜੋਂ ਸ਼ਾਮਲ ਹੋਏ ।
ਸਮਾਗਮ ਦੀ ਸ਼ੁਰੂਆਤ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿਗੰਲਾ ਦੇ ਸੰਬੋਧਨ ਨਾਲ ਕੀਤੀ ਗਈ । ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਸ਼ਾਂਤੀ ਦੇ ਪ੍ਰਤੀਕ ਸਨ, ਜਿਨ੍ਹਾਂ ਨੇ ਡੈਮੋਕ੍ਰੇਸੀ ਦੀਆਂ ਕਦਰਾਂ-ਕੀਮਤਾਂ ਨੂੰ ਦੁਨੀਆ ਦੇ ਨਕਸ਼ੇ 'ਤੇ ਉਭਾਰਿਆ ਹੈ। ਮਨੁੱਖੀ ਕਦਰਾਂ ਨੂੰ ਮਾਨਵਤਾ ਵਿੱਚ ਪ੍ਰਚਾਰਿਆ ਹੈ। ਜੈ ਸ਼ੰਕਰ ਵਿਦੇਸ਼ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਹਨ। ਉਨ੍ਹਾਂ ਨੇ ਸ਼ਾਂਤੀ ਅੰਦੋਲਨਾਂ ਨਾਲ ਭਾਰਤੀ ਅਜ਼ਾਦੀ ਨੂੰ ਅੰਜਾਮ ਦਿੱਤਾ ਹੈ। ਅੱਜ ਭਾਰਤ ਹਰ ਖੇਤਰ ਵਿੱਚ ਵਿਕਸਿਤ ਹੈ। ਵਾਤਾਵਰਣ ਤੇ ਵਿਕਾਸ ਦੇ ਸੰਬੰਧਾਂ 'ਚ ਭਾਰਤ ਤੇ ਅਮਰੀਕਾ ਇੱਕੋ ਪੇਜ 'ਤੇ ਹਨ। ਹਿੰਦੋਸਤਾਨ ਵਿਸ਼ਵ ਦਾ ਦਰਪਣ ਬਣ ਗਿਆ ਹੈ । ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਯੋਗਦਾਨ ਹੈ। ਮੁੱਖ ਮਹਿਮਾਨ ਨੈਨਸੀ ਪੇਲੋਸੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਮਜ਼ਬੂਤ ਸੰਬੰਧਾਂ ਵਜੋਂ ਜਾਣਿਆ ਜਾਂਦਾ ਹੈ। ਓਬਾਮਾ ਭਾਰਤ ਦੇ ਗਣਤੰਤਰ ਦਿਵਸ 'ਤੇ ਵਿਸ਼ੇਸ਼ ਮਹਿਮਾਨ ਵਜੋਂ ਗਏ ਸਨ, ਜੋ ਬਿਹਤਰੀ ਸੰਬੰਧਾਂ ਦੀ ਮਿਸਾਲ ਬਣੇ ਹਨ।
ਉਨ੍ਹਾਂ ਕਿਹਾ ਮੈਂ ਖੁਦ ਵੀ ਭਾਰਤ ਜਾ ਕਿ ਉੱਥੋਂ ਦੇ ਸੱਭਿਆਚਾਰ ਦਾ ਨਿੱਘ ਮਾਣਿਆ ਹੈ। ਅੱਜ ਭਾਰਤ ਅਮਰੀਕਾ ਦਾ ਗੂੜ੍ਹਾ ਮਿੱਤਰ ਹੈ। ਉਨ੍ਹਾਂ ਕਿਹਾ ਹੈ ਕਿ ਮਹਾਤਮਾ ਗਾਂਧੀ ਮਾਰਟਿਨ ਲ਼ੂਥਰ ਕਿੰਗ ਜੂਨੀਅਰ ਦੇ ਪ੍ਰੇਰਨਾ ਸਰੋਤ ਸਨ । ਜਿਨ੍ਹਾਂ ਦੀ ਅਦੁੱਤੀ ਛਾਪ ਲੂਥਰ ਕਿੰਗ 'ਤੇ ਅਮਿੱਟ ਸੀ, ਜਿਸ ਕਰਕੇ ਉਹ ਮਹਾਤਮਾ ਗਾਂਧੀ ਨੂੰ ਆਪਣਾ ਮਸੀਹਾ ਮੰਨਦੇ ਸਨ। ਉਨ੍ਹਾਂ ਕਿਹਾ ਕਿ ਮੇਰੀ ਸ਼ਰਧਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ ਸ਼ਾਂਤੀ ਅੰਦੋਲਨਾਂ ਕਰਕੇ ਹੈ। ਮੈਂ ਉਨ੍ਹਾਂ ਦੇ ਜੀਵਨ ਤੋ ਕਾਫ਼ੀ ਪ੍ਰਭਾਵਿਤ ਹਾਂ। ਅਖੀਰ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ 'ਸਿੱਖਸ ਆਫ ਅਮਰੀਕਾ' ਨੈਨਸੀ ਪੇਲੋਸੀ ਨੂੰ ਮਿਲੇ।
ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਧੰਨਵਾਦ ਕਰਦੇ ਜੱਸੀ ਸਿਘ ਨੇ ਕਿਹਾ ਕਿ ਤੁਹਾਡੇ ਵਧੀਆ ਫ਼ੈਸਲਿਆਂ ਕਰਕੇ ਸਿੱਖ ਭਾਈਚਾਰਾ ਕਾਫ਼ੀ ਖੁਸ਼ ਹੈ । ਅਸੀਂ ਪ੍ਰਧਾਨ ਮੰਤਰੀ ਨੂੰ ਧੰਨਵਾਦੀ ਮਤਾ ਭੇਜਦੇ ਹਾਂ। ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਕੁਝ ਕਰਨਾ ਬਾਕੀ ਹੈ, ਜਿਸ ਲਈ ਸਿੱਖ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ। ਜੱਸੀ ਸਿੰਘ ਨੇ ਵਿਦੇਸ਼ ਮੰਤਰੀ ਨੂੰ ਭਾਈਚਾਰੇ ਵੱਲੋਂ ਪੂਰਾ ਭਰੋਸਾ ਦਿੱਤਾ। ਇਸ ਸਮੇਂ ਜੱਸੀ ਸਿੰਘ ਨਾਲ 'ਸਿੱਖਸ ਆਫ ਅਮਰੀਕਾ' ਸੰਸਥਾ ਦੇ 'ਬੋਰਡ ਆਫ ਡਾਇਰੈਕਟਰ' ਬਲਜਿੰਦਰ ਸਿੰਘ ਸ਼ੰਮੀ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ। ਇਸ ਸਮਾਗਮ ਦੀ ਕਾਮਯਾਬੀ ਪਿੱਛੇ ਅਨੁਰਾਗ ਕੁਮਾਰ ਕਮਿਊਨਟੀ ਮਨਿਸਟਰ, ਕੋਸਲਰ ਮਨਿਸਟਰ ਜੈ ਦੀਪ ਨਾਯਰ, ਸੁਬਰਨੋ ਅਤੇ ਨਰੇਸ਼ ਕੁਮਾਰ ਤੋਂ ਇਲਾਵਾ ਸਮੁੱਚੀ ਅੰਬੈਸੀ ਦੇ ਸਟਾਫ਼ ਦਾ ਭਰਪੂਰ ਯੋਗਦਾਨ ਸੀ।