ਉੱਤਰ ਕੋਰੀਆ ਦੀ ਅਮਰੀਕਾ ਨੂੰ ਚਿਤਾਵਨੀ : ਨਵੀਂਆਂ ਪਾਬੰਦੀਆਂ ਲਾਈਆਂ ਤਾਂ ਨਤੀਜੇ ਭੁਗਤਣ ਲਈ ਰਹੋ ਤਿਆਰ

Monday, Sep 11, 2017 - 07:39 PM (IST)

ਸਿਓਲ— ਉੱਤਰ ਕੋਰੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਰਾਜਧਾਨੀ ਪਿਓਂਗਯੋਂਗ 'ਤੇ ਹੁਣ ਤੱਕ ਦੀ ਸਭ ਤੋਂ ਸਖਤ ਪਾਬੰਦੀ ਲਗਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਵਾਸ਼ਿੰਗਟਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਅਮਰੀਕਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਸਵੇਰੇ ਇਕ ਬਿਆਨ ਜਾਰੀ ਕੀਤਾ ਕਿ ਉਹ ਅਮਰੀਕਾ ਦੇ ਕਦਮਾਂ 'ਤੇ ਨਜ਼ਰ ਰੱਖ ਰਿਹਾ ਹੈ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਖੁਦ ਜਵਾਬੀ ਕਾਰਵਾਈ ਲਈ ਤਿਆਰ ਤੇ ਇੱਛੁਕ ਹੈ। ਬਿਆਨ 'ਚ ਕਿਹਾ ਗਿਆ ਕਿ ਅਮਰੀਕਾ ਆਪਣੀ ਰੱਖਿਆ ਲਈ ਸਹੀ ਕਦਮਾਂ ਦਾ ਬਹਾਨਾ ਬਣਾ ਕੇ ਉੱਤਰ ਕੋਰੀਆ ਦਾ ਸਾਹ ਘੁੱਟਣਾ ਚਾਹੁੰਦਾ ਹੈ। ਉੱਤਰ ਕੋਰੀਆ ਦੀ ਅੱਗੇ ਦੀ ਕਾਰਵਾਈ ਨਾਲ ਅਮਰੀਕਾ ਨੂੰ ਇੰਨਾ ਜ਼ਿਆਦਾ ਦਰਦ ਤੇ ਤਕਲੀਫ ਹੋਵੇਗੀ ਜੋ ਇਤਿਹਾਸ 'ਚ ਉਸ ਨੂੰ ਕਦੇ ਨਹੀਂ ਹੋਈ।
ਅਮਰੀਕਾ ਨੇ ਉੱਤਰ ਕੋਰੀਆ 'ਤੇ ਸੰਯੁਕਤ ਰਾਸ਼ਟਰ ਵਲੋਂ ਨਵੀਂਆਂ ਪਾਬੰਦੀਆਂ ਲਗਾਉਣ ਲਈ ਵੋਟ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਪਿਛਲੇ ਮੰਗਲਵਾਰ ਨੂੰ ਉੱਤਰ ਕੋਰੀਆ 'ਤੇ ਸੰਯੁਕਤ ਰਾਸ਼ਟਰ ਵਲੋਂ ਸਖਤ ਪਾਬੰਦੀਆਂ ਲਗਾਉਣ ਲਈ ਇਕ ਪ੍ਰਸਤਾਵ ਲਿਆਂਦਾ ਸੀ। ਇਸ 'ਚ ਉੱਤਰ ਕੋਰੀਆ ਦੇ ਤੇਲ ਤੇ ਕੁਦਰਤੀ ਗੈਸ ਦੀ ਬਰਾਮਦ ਤੇ ਪਾਬੰਦੀ ਦੇ ਨਾਲ-ਨਾਲ ਉੱਤਰ ਕੋਰੀਆ ਸਰਕਾਰ ਤੇ ਉਸ ਦੇ ਨੇਤਾ ਕਿਮ ਜੋਂਗ ਉਨ ਦੀਆਂ ਸਾਰੀਆਂ ਵਿਦੇਸ਼ੀ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਮੰਗ ਕੀਤੀ ਹੈ।


Related News