ਇਮਰਾਨ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਸ਼ਨੀਵਾਰ ਨੂੰ ਹੋਵੇਗੀ ਵੋਟਿੰਗ

04/08/2022 6:17:52 PM

 ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਸ਼ਨੀਵਾਰ ਨੂੰ ਵੋਟਿੰਗ ਹੋਵੇਗੀ। ਨੈਸ਼ਨਲ ਅਸੈਂਬਲੀ ਵੱਲੋਂ ਸਦਨ ’ਚ ਚਰਚਾ ਲਈ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਛੇ-ਸੂਤਰੀ ਏਜੰਡੇ ’ਚ ਬੇਭਰੋਸਗੀ ਮਤੇ ’ਤੇ ਚਰਚਾ ਚੌਥੇ ਨੰਬਰ ’ਤੇ ਹੈ। ਜਿਓ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਸੁਪਰੀਮ ਕੋਰਟ ਤੋਂ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੇ ਸਰਕਾਰ ਦੇ ਫ਼ੈਸਲੇ ਅਤੇ ਨੈਸ਼ਨਲ ਅਸੈਂਬਲੀ ’ਚ ਡਿਪਟੀ ਸਪੀਕਰ ਕਾਸਿਮ ਸੂਰੀ ਦੇ ਫ਼ੈਸਲੇ ਨੂੰ ਗੈਰ-ਸੰਵਿਧਾਨਿਕ ਕਰਾਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਨੈਸ਼ਨਲ ਅਸੈਂਬਲੀ ਨੂੰ ਬਹਾਲ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੂੰ ਪ੍ਰਧਾਨ ਮੰਤਰੀ ਵਿਰੁੱਧ ਬੇਭਰੋਸਗੀ ਮਤੇ ’ਤੇ ਵੋਟਿੰਗ ਕਰਵਾਉਣ ਲਈ ਸ਼ਨੀਵਾਰ ਸਵੇਰੇ 10.30 ਵਜੇ ਸੈਸ਼ਨ ਬੁਲਾਉਣ ਦਾ ਨਿਰਦੇਸ਼ ਦਿੱਤਾ।

ਅਦਾਲਤ ਨੇ ਕਿਹਾ ਕਿ ਅਸੈਂਬਲੀ ਹਮੇਸ਼ਾ ਹੀ ਪ੍ਰਭਾਵ ਵਿਚ ਸੀ ਅਤੇ ਅੱਗੇ ਵੀ ਚੱਲਦੀ ਰਹੇਗੀ। ਸੁਪਰੀਮ ਕੋਰਟ ਨੇ ਇਹ ਵੀ ਹੁਕਮ ਦਿੱਤਾ ਕਿ ਬੇਭਰੋਸਗੀ ਮਤਾ ਖਾਰਿਜ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਪਾਸ ਹੋ ਜਾਂਦਾ ਹੈ ਅਤੇ ਨਵੇਂ ਪ੍ਰਧਾਨ ਮੰਤਰੀ ਦੀ ਵੀ ਚੋਣ ਹੋ ਜਾਂਦੀ ਹੈ ਤਾਂ ਵੀ ਸਪੀਕਰ ਅਸੈਂਬਲੀ ਦਾ ਸੈਸ਼ਨ ਮੁਲਤਵੀ ਨਹੀਂ ਕਰ ਸਕਦਾ। ਚੋਟੀ ਦੀ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਕਿਸੇ ਵੀ ਮੈਂਬਰ ਨੂੰ ਵੋਟਿੰਗ ਵਿਚ ਹਿੱਸਾ ਲੈਣ ਤੋਂ ਰੋਕਿਆ ਨਹੀਂ ਜਾਏਗਾ ਤੇ ਜੇ ਬੇਭਰੋਸਗੀ ਮਤਾ ਖਾਰਿਜ ਕਰ ਦਿੱਤਾ ਜਾਂਦਾ ਹੈ ਤਾਂ ਸਰਕਾਰ ਆਪਣਾ ਕੰਮ ਪਹਿਲਾਂ ਵਾਂਗ ਹੀ ਕਰਨਾ ਸ਼ੁਰੂ ਕਰ ਦੇਵੇਗੀ।


Manoj

Content Editor

Related News