ਟਿਊਨੀਸ਼ੀਆ ''ਚ ਵੋਟਰਾਂ ਨੇ ਵੱਡੇ ਪੱਧਰ ''ਤੇ ਸੰਸਦੀ ਚੋਣਾਂ ਦਾ ਕੀਤਾ ਬਾਈਕਾਟ
Monday, Jan 30, 2023 - 03:52 PM (IST)
ਟਿਊਨਿਸ (ਭਾਸ਼ਾ) : ਟਿਊਨੀਸ਼ੀਆ ‘ਚ ਵੋਟਰਾਂ ਨੇ ਵੱਡੇ ਪੱਧਰ ‘ਤੇ ਸੰਸਦੀ ਚੋਣਾਂ ਦਾ ਬਾਈਕਾਟ ਕੀਤਾ। ਇਨ੍ਹਾਂ ਚੋਣਾਂ ਨੂੰ ਉਨ੍ਹਾਂ ਦੇ ਰਾਸ਼ਟਰਪਤੀ ਅਤੇ ਦੇਸ਼ ਦੇ ਸੰਕਟਮਈ ਲੋਕਤੰਤਰ ਲਈ ਅਹਿਮ ਇਮਤਿਹਾਨ ਮੰਨਿਆ ਜਾ ਰਿਹਾ ਹੈ। ਨੈਸ਼ਨਲ ਇਲੈਕਟੋਰਲ ਕਮਿਸ਼ਨ ਦੇ ਮੁਢਲੇ ਅੰਦਾਜ਼ਿਆਂ ਮੁਤਾਬਕ ਟਿਊਨੀਸ਼ੀਆ ਦੇ 80 ਲੱਖ ਵੋਟਰਾਂ ਵਿੱਚੋਂ ਸਿਰਫ਼ 11.3 ਫ਼ੀਸਦੀ ਨੇ ਹੀ ਵੋਟ ਪਾਈ। ਟਿਊਨੀਸ਼ੀਆ ਦੇ ਬਹੁਤ ਸਾਰੇ ਅਸੰਤੁਸ਼ਟ ਲੋਕ ਵੋਟ ਤੋਂ ਦੂਰ ਰਹੇ ਅਤੇ ਪ੍ਰਭਾਵਸ਼ਾਲੀ ਇਸਲਾਮੀ ਪਾਰਟੀ ਏਨਾਧਾ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਵੋਟਿੰਗ ਦਾ ਬਾਈਕਾਟ ਕੀਤਾ।
ਇਨ੍ਹਾਂ ਚੋਣਾਂ ਨੂੰ ਸੱਤਾ 'ਤੇ ਪਕੜ ਮਜ਼ਬੂਤ ਬਣਾਉਣ, ਇਸਲਾਮਿਕ ਵਿਰੋਧੀਆਂ 'ਤੇ ਲਗਾਮ ਲਗਾਉਣ ਅਤੇ ਆਰਥਿਕਤਾ ਨੂੰ ਬਚਾਉਣ ਲਈ ਰਾਸ਼ਟਰਪਤੀ ਕੈਸ ਸਈਦ ਦੀਆਂ ਕੋਸ਼ਿਸ਼ਾਂ ਵਿੱਚ ਇਕ ਨਿਰਣਾਇਕ ਕਦਮ ਵਜੋਂ ਦੇਖਿਆ ਗਿਆ ਹੈ। ਪਰ ਘੱਟ ਵੋਟਿੰਗ ਨਾਲ ਭਵਿੱਖ ਵਿੱਚ ਸੰਸਦ ਦੀ ਵੈਧਤਾ 'ਤੇ ਸ਼ੱਕ ਪੈਦਾ ਹੋ ਗਿਆ ਹੈ ਅਤੇ ਇਸ ਨਾਲ ਸਈਦ ਦੀਆਂ ਯੋਜਨਾਵਾਂ 'ਤੇ ਪਾਣੀ ਫਿਰ ਸਕਦਾ ਹੈ। ਚੋਣ ਅਧਿਕਾਰੀਆਂ ਦੇ ਬੁੱਧਵਾਰ ਨੂੰ ਅਧਿਕਾਰਤ ਸੰਸਦੀ ਨਤੀਜਿਆਂ ਦਾ ਐਲਾਨ ਕਰਨ ਦੀ ਉਮੀਦ ਹੈ। ਕਈ ਸੁਤੰਤਰ ਅਬਜ਼ਰਵਰਾਂ ਨੇ ਵੀ ਵੋਟਿੰਗ ਦੌਰਾਨ ਉਲੰਘਣਾ ਦੀਆਂ ਕੁਝ ਘਟਨਾਵਾਂ ਦਰਜ ਕੀਤੀਆਂ।