ਅਮਰੀਕਾ : ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਦੀ ਯਾਦ 'ਚ ਵਿਸ਼ਾਲ ਨਗਰ ਕੀਰਤਨ ਆਯੋਜਿਤ

Monday, Jun 06, 2022 - 11:03 AM (IST)

ਅਮਰੀਕਾ : ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਅਤੇ 1984 ਦੇ ਸ਼ਹੀਦਾਂ ਦੀ ਯਾਦ 'ਚ ਵਿਸ਼ਾਲ ਨਗਰ ਕੀਰਤਨ ਆਯੋਜਿਤ

ਸਨ-ਫਰਾਂਸਿਸਕੋ, ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਮੂਹ ਸਿੱਖ ਸੰਗਤ ਵੱਲੋਂ ਕੈਲੀਫੋਰਨੀਆ ਦੇ ਸ਼ਹਿਰ ਸਨ-ਫਰਾਂਸਿਸਕੋ ਵਿਖੇ ਸਲਾਨਾ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਦੂਰ-ਦੁਰਾਡੇ ਤੋਂ ਸੰਗਤਾਂ ਨੇ ਹਾਜ਼ਰੀ ਭਰੀ। ਨਗਰ ਕੀਰਤਨ ਦੀ ਸ਼ੁਰੂਆਤ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਿੱਖ ਨਿਸ਼ਾਨ ਸਾਹਿਬ ਲੈ ਤੁਰਦੇ ਹੋਏ ਨਿਸ਼ਾਨਚੀ, ਅੱਗੇ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆ ਦੇ ਝੰਡੇ ਨਾਲ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ - ‘ਮੈਮੋਰੀਅਲ ਡੇਅ ਪਰੇਡ’ ’ਚ ਸ਼ਹੀਦ ਹੋਏ ਅਮਰੀਕੀ ਅਤੇ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ (ਤਸਵੀਰਾਂ)

ਜਿਸ ਬਾਅਦ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਲ ਰਹੇ ਸਨ। ਇਸ ਦੌਰਾਨ ਕੀਰਤਨ ਅਤੇ ਗੁਰਬਾਣੀ ਜਾਪ ਕਰਦੀਆਂ ਸੰਗਤਾਂ ਨਾਲ ਪਰਕਰਮਾ ਕਰ ਰਹੀਆਂ ਸਨ। ਇਹ ਨਗਰ ਕੀਰਤਨ ਸੈਕੰਡ ਸਟਰੀਟ (Second Street) ਅਤੇ ਮਾਰਕੀਟ ਸਟਰੀਟ ਤੋਂ ਸੁਰੂ ਹੋ ਕੇ ਸਥਾਨਿਕ ਸਿਵਿਕ ਸੈਂਟਰ ਸਿਟੀ ਹਾਲ ਕੋਲ ਜਾ ਕੇ ਸੰਪੂਰਨ ਹੋਇਆ। ਇਸ ਸਮੇਂ “ਸਿੱਖ ਮੋਟਰਸਾਈਕਲ ਕਲੱਬ” ਵੱਲੋਂ ਵੀ ਹਾਜ਼ਰੀ ਭਰੀ ਗਈ। ਜਿੱਥੇ ਲੱਗੀ ਸਟੇਜ਼ ਤੋਂ ਵੱਖ-ਵੱਖ ਪੰਥਕ ਆਗੂ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਹੋਏ। ਇਸ ਸਮੇਂ ਖਾਸ ਤੋਰ ‘ਤੇ ਬੁਲਾਰਿਆਂ ਵੱਲੋਂ ਭਾਰਤ ਵਿੱਚ ਸਿੱਖ ਧਰਮ ਦੀ ਹੋ ਰਹੀ ਨਸਲਕੁਸ਼ੀ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਜੂਨ 1984 ਦੇ ਭਾਰਤ ਸਰਕਾਰ ਦੁਆਰਾ ਕੀਤੇ ਘੱਲੂਘਾਰੇ ਅਤੇ ਇਸ ਦੌਰਾਨ ਮਾਰੇ ਗਏ ਸਮੂਹ ਸ਼ਹੀਦਾਂ ਨੂੰ ਸਰਧਾਂਜ਼ਲੀ ਦਿੱਤੀ ਗਈ।ਇਸ ਸਮੇਂ ਸਿੰਘਾ ਵੱਲੋਂ ਸਿੱਖ ਮਾਰਸ਼ਲ ਆਰਟ “ਗੱਤਕਾ” ਦੇ ਜੌਹਰ ਵੀ ਦਿਖਾਏ ਗਏ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਅੰਤ ਸਿੱਖ ਕੌਮ ਦੀ ਹਮੇਸ਼ਾ ਲਈ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਵਿਸ਼ਾਲ ਨਗਰ ਕੀਰਤਨ ਅਤੇ ਇਕੱਠ ਸੰਪੂਰਨ ਹੋਇਆ।


author

Vandana

Content Editor

Related News