ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਸਤੇਨੇਦਲੋ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Wednesday, Nov 15, 2023 - 02:08 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਸਮੁੱਚੀ ਮਨੁੱਖਤਾ ਦੇ ਰਹਿਬਰ ਅਤੇ ਸਿੱਖ ਧਰਮ ਦੇ ਬਾਨੀ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ 'ਤੇ ਹਰ ਸਾਲ ਕਸਤੇਨੇਦਲੋ (ਬਰੇਸ਼ੀਆ) ਵਿਖੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਸਾਲ ਵੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਤੇਨੇਦਲੋ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਜਾਏ ਗਏ ਇਸ ਮਹਾਨ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ। ਸੰਗਤਾਂ ਦੁਆਰਾ ਫੁੱਲ ਵੀ ਵਰਸਾਏ ਗਏ। ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦਾ ਆਰੰਭ ਸਿੱਖੀ ਸਿਧਾਂਤਾਂ ਅਨੁਸਾਰ ਬਹੁਤ ਹੀ ਸ਼ਾਨਾਂਮੱਤੀ ਢੰਗ ਨਾਲ਼ ਹੋਇਆ। ਫੁੱਲਾਂ ਨਾਲ਼ ਬੜੇ ਹੀ ਸੁੰਦਰ ਢੰਗ ਨਾਲ਼ ਸਜਾਏ ਟਰਾਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਸਾਹਿਬ ਦੀ ਸੇਵਾ ਗ੍ਰੰਥੀ ਸਿੰਘ ਨਿਭਾ ਰਹੇ ਸਨ। ਇਸ ਮੌਕੇ ਵੱਖ-ਵੱਖ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਰੱਸੰਿਭੰਨੇ ਕੀਰਤਨ ਨਾਲ ਨਿਹਾਲ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਸਰਕਾਰ ਦਾ ਸ਼ਰਧਾਲੂਆਂ ਨੂੰ ਝਟਕਾ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵਧਾਈ ਫੀਸ
ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗਤਕਾ ਅਕੈਡਮੀ ਦੇ ਗੱਤਕਾ ਸਿੰਘਾਂ ਵੱਲੋਂ ਗਤਕਾ ਕਲਾ ਦੇ ਅਲੌਕਿਕ ਦ੍ਰਿਸ਼ ਵਿਖਾਏ ਗਏ। ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਲਈ ਵੱਖ-ਵੱਖ ਸਟਾਲਾਂ ਦੇ ਪ੍ਰਬੰਧ ਕਰਕੇ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬਧੰਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਲਈ ਹਰ ਸੰਭਵ ਸਹਿਯੋਗ ਦੇਣ ਵਾਲੇ ਨਗਰ ਕੌਂਸਲ ਕਸਤੇਨੇਦਲੋ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਉਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਨਗਰ ਕੀਰਤਨ ਮੌਕੇ ਸੇਵਾਵਾਂ ਕਰਨ ਵਾਲਿਆਂ ਨੂੰ ਸਿਰੋਪਾੳ ਭੇਟ ਕੀਤਾ ਗਿਆ ਅਤੇ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਬੂਰੇ ਜੱਟਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ 12ਵਾਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਸਮੁੱਚੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਅਤੇ ਆਸ ਕਰਦੇ ਹਨ ਅੱਗੋਂ ਵੀ ਸਹਿਯੋਗ ਕਰਦੇ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।