ਕੋਰੋਨਾ ਕਾਰਨ PAK ਤੋਂ ਜ਼ਿਆਦਾ ਨਿਊਯਾਰਕ 'ਚ ਗਈਆਂ ਪਾਕਿਸਤਾਨੀਆਂ ਦੀਆਂ ਜਾਨਾਂ
Sunday, Apr 12, 2020 - 06:32 AM (IST)
ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕੇਂਦਰ ਬਣ ਚੁੱਕਾ ਨਿਊਯਾਰਕ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਨਿਊਯਾਰਕ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊਯਾਰਕ ਸ਼ਹਿਰ ਵਿਚ ਮਰਨ ਵਾਲਿਆਂ ਵਿਚ 100 ਤੋਂ ਜ਼ਿਆਦਾ ਪਾਕਿਸਤਾਨੀ ਸ਼ਾਮਲ ਹਨ ਜਦਕਿ ਪੂਰੇ ਪਾਕਿਸਤਾਨ ਵਿਚ 86 ਲੋਕਾਂ ਦੀ ਜਾਨ ਗਈ ਹੈ।
ਬੀਤਿਆ ਸ਼ੁੱਕਰਵਾਰ ਅਮਰੀਕਾ ਲਈ ਸਭ ਤੋਂ ਘਾਤਕ ਦਿਨ ਸਿੱਧ ਹੋਇਆ ਕਿਉਂਕਿ ਇਸ ਦਿਨ ਅਮਰੀਕਾ ਵਿਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਅੱਧੇ ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਵਾਇਰਸ ਨੇ ਪ੍ਰਭਾਵਿਤ ਕੀਤਾ ਹੈ। ਡਾਨ ਨਿਊਜ਼ ਮੁਤਾਬਕ, ਹੁਣ ਤਕ ਵਾਇਰਸ ਨੇ ਦੁਨੀਆ ਭਰ ਵਿਚ ਲਗਭਗ 17 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਅੰਕੜਿਆਂ ਮੁਤਾਬਕ ਅਮਰੀਕਾ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ।
ਅਮਰੀਕਾ ਦੁਨੀਆ ਦਾ ਪਹਿਲਾ ਉਹ ਦੇਸ਼ ਬਣ ਗਿਆ ਹੈ-
*ਜਿੱਥੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਰੋਗੀ ਹਨ, ਜੋ 5 ਲੱਖ ਤੋਂ ਵੱਧ ਹਨ।
*ਇਕ ਦਿਨ ਵਿਚ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
*ਮ੍ਰਿਤਕਾਂ ਦੀ ਸਭ ਤੋਂ ਵੱਧ ਗਿਣਤੀ ਵੀ ਅਮਰੀਕਾ ਵਿਚ ਹੀ ਹੋ ਗਈ ਹੈ। ਬੀਤੀ ਰਾਤ ਅਮਰੀਕਾ ਨੇ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਇੱਥੇ ਸਭ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।
ਪਾਕਿਸਤਾਨ ਦੇ ਕੌਂਸਲਰ ਜਨਰਲ ਆਇਸ਼ਾ ਅਲੀ ਮੁਤਾਬਕ, "ਹਸਪਤਾਲਾਂ, ਅੰਤਿਮ ਸੰਸਕਾਰ ਘਰਾਂ ਤੇ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਊਜਰਸੀ ਖੇਤਰ ਵਿਚ ਕੋਰੋਨਾ ਵਾਇਰਸ ਕਾਰਨ 100 ਤੋਂ ਵੱਧ ਪਾਕਿਸਤਾਨੀ ਮਰ ਚੁੱਕੇ ਹਨ।"
ਪਾਕਿਸਤਾਨ ਦੂਤਘਰ ਦੇ ਬੁਲਾਰੇ ਜ਼ੋਬੀਆ ਮਸੂਦ ਨੇ ਕਿਹਾ, "ਸਾਨੂੰ ਜਾਣਕਾਰੀ ਮਿਲੀ ਹੈ ਕਿ ਕੁੱਝ ਪਾਕਿਸਤਾਨੀਆਂ ਦੀ ਦੂਜੇ ਸੂਬਿਆਂ ਵਿਚ ਵੀ ਕੋਰੋਨਾ ਕਾਰਨ ਮੌਤ ਹੋਈ ਹੈ। ਅਸੀਂ ਅਜੇ ਵੀ ਇਸ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ ਕਿ ਇਸ ਬੀਮਾਰੀ ਨੇ ਪਾਕਿਸਤਾਨੀ-ਅਮਰੀਕੀ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕੀਤਾ।"
ਨਿਊਯਾਰਕ ਦੇ ਅੰਕੜਿਆਂ ਮੁਤਾਬਕ ਵਾਇਰਸ ਨਾਲ ਜਾਤੀ ਘੱਟ ਗਿਣਤੀ 'ਤੇ ਵੀ ਬਹੁਤ ਪ੍ਰਭਾਵ ਪਿਆ ਹੈ। ਸਭ ਤੋਂ ਵੱਧ 34 ਫੀਸਦੀ ਮੌਤਾਂ ਹਿਸਪੈਨਿਕ ਭਾਈਚਾਰੇ ਵਿਚ ਹੋਈਆਂ ਹਨ। ਉੱਥੇ ਹੀ 28 ਫੀਸਦੀ ਅਫਰੀਕੀ-ਅਮਰੀਕੀ ਇਸ ਦੇ ਸ਼ਿਕਾਰ ਹੋਏ ਹਨ। 27 ਫੀਸਦੀ ਮੌਤਾਂ ਨਾਲ ਵ੍ਹਾਈਟਸ ਤੀਜੇ ਸਥਾਨ 'ਤੇ ਹਨ ਤਾਂ ਉੱਥੀ ਹੀ ਏਸ਼ੀਆਈ-ਅਮਰੀਕੀ ਭਾਈਚਾਰੇ ਵਿਚ 7 ਫੀਸਦੀ ਦੀ ਆਬਾਦੀ 'ਤੇ ਇਸ ਦੇ ਬੁਰੇ ਅਸਰ ਪਏ ਹਨ, ਜਿਨ੍ਹਾਂ ਵਿਚ ਭਾਰਤੀ ਅਤੇ ਪਾਕਿਸਤਾਨੀ ਲੋਕ ਸ਼ਾਮਲ ਹਨ।