ਪਾਕਿਸਤਾਨ ਦੀ ਯੂਨੀਵਰਸਿਟੀ ''ਚ ਹਿੰਸਕ ਝੜਪ, 18 ਵਿਦਿਆਰਥੀ ਜ਼ਖਮੀ

Tuesday, Jan 04, 2022 - 11:26 AM (IST)

ਪਾਕਿਸਤਾਨ ਦੀ ਯੂਨੀਵਰਸਿਟੀ ''ਚ ਹਿੰਸਕ ਝੜਪ, 18 ਵਿਦਿਆਰਥੀ ਜ਼ਖਮੀ

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਆਫ ਇਸਲਾਮਾਬਾਦ (IIUI) 'ਚ ਇਸਲਾਮਿਕ ਜਮੀਅਤ-ਏ-ਤਾਲਾਬ ਅਤੇ ਪਸ਼ਤੂਨ ਕੌਂਸਲ ਦੇ ਕਾਰਕੁਨਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਹਿੰਸਕ ਝੜਪ 'ਚ ਘੱਟੋ-ਘੱਟ 18 ਵਿਦਿਆਰਥੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਯੂਨੀਵਰਸਿਟੀ 'ਚ ਦੋਵਾਂ ਗਰੁੱਪਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਦਰਸ਼ਨ ਕੀਤਾ। 

ਪਸ਼ਤੂਨ ਕੌਂਸਲ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਰੈਲੀ 'ਤੇ ਆਈਜੇਟੀ ਨਾਲ ਸਬੰਧਤ ਵਿਦਿਆਰਥੀਆਂ ਨੇ ਹਮਲਾ ਕੀਤਾ ਸੀ। ਪਾਕਿਸਤਾਨੀ ਅਖ਼ਬਾਰ ਡਾਨ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਆਈਜੇਟੀ ਦੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਦੋ ਸਾਲ ਪਹਿਲਾਂ ਯੂਨੀਵਰਸਿਟੀ 'ਚ ਉਨ੍ਹਾਂ ਦੇ ਇਕ ਸਾਥੀ ਦੇ ਕਤਲ ਦਾ ਦੋਸ਼ੀ ਹਾਲੇ ਵੀ ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੂਰਬੀ ਕੋਲੰਬੀਆ 'ਚ ਹਿੰਸਾ, ਘੱਟੋ-ਘੱਟ 24 ਲੋਕਾਂ ਦੀ ਮੌਤ

ਫਰਾਈਡੇ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਯੂਨੀਵਰਸਿਟੀ ਨੇ ਬਾਅਦ ਵਿੱਚ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦਿਆਰਥੀ ਸੰਗਠਨਾਂ ਵਿਚਕਾਰ ਝੜਪਾਂ ਦੀ ਇਹ ਇੱਕ ਦੁਖਦਾਈ ਘਟਨਾ ਹੈ। ਪ੍ਰਸ਼ਾਸਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ 'ਤੇ ਸਖ਼ਤ ਨੋਟਿਸ ਲਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਸਥਿਤੀ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰੇਗਾ। ਯੂਨੀਵਰਸਿਟੀ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਇੱਕ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਜਾਵੇਗਾ।


author

Vandana

Content Editor

Related News