ਸੰਯੁਕਤ ਰਾਸ਼ਟਰ ਵਿਚ ਮੁਹਾਜਿਰਾਂ ਨੇ ਪਾਕਿਸਤਾਨ ਵਿਰੁੱਧ ਕੀਤਾ ਪ੍ਰਦਰਸ਼ਨ

09/24/2017 9:58:52 AM

ਸੰਯੁਕਤ ਰਾਸ਼ਟਰ (ਭਾਸ਼ਾ)— ਪਾਕਿਸਤਾਨ ਤੋਂ ਆਏ ਮੁਹਾਜਿਰਾਂ ਨੇ ਦੇਸ਼ ਵਿਚ ਆਪਣੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੇ ਮੁੱਦੇ ਨੂੰ ਲੈ ਕੇ ਇੱਥੇ ਸੰਯੁਕਤ ਰਾਸ਼ਟਰ ਦਫਤਰ ਅੱਗੇ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕੀਤਾ। ਪਾਕਿਸਤਾਨੀ ਫੌਜ ਦੇ ਜਨਰਲਾਂ ਨੂੰ ''ਯੁੱਧ ਅਪਰਾਧੀ'' ਦੱਸਣ ਵਾਲੀਆਂ ਤਖਤੀਆਂ ਲਏ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ-ਵਿਰੋਧੀ ਨਾਅਰੇਬਾਜੀ ਕੀਤੀ। ਇਸ ਪ੍ਰਦਰਸ਼ਨ ਦਾ ਆਯੋਜਨ ਮੁਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਮ.) ਦੀ ਅਮਰੀਕੀ ਸ਼ਾਖਾ ਨੇ ਕੀਤਾ ਸੀ। 
ਪ੍ਰਦਰਸ਼ਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕੌਮ ਦੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਬੀਤੇ 3 ਦਹਾਕਿਆਂ ਵਿਚ ਪਾਕਿਸਤਾਨ ਵਿਚ ਮਾਰ ਦਿੱਤਾ ਗਿਆ ਹੈ ਅਤੇ ਕਈ ਹਜ਼ਾਰ ਲੋਕਾਂ ਨੂੰ ਬਿਨਾ ਕੋਈ ਮੁਕੱਦਮਾ ਚਲਾਏ ਗੈਰ-ਕਾਨੂੰਨੀ ਤਰੀਕੇ ਨਾਲ ਜੇਲ ਵਿਚ ਬੰਦ ਰੱਖਿਆ ਗਿਆ ਹੈ। 
ਲੰਡਨ ਤੋਂ ਫੋਨ 'ਤੇ ਪ੍ਰਦਰਸ਼ਨਕਾਰੀਆਂ ਨਾਲ ਮੌਜੂਦ ਐੱਮ. ਕਿਊ. ਐੱਮ. ਦੇ ਨੇਤਾ ਅਲਤਾਫ ਹੁਸੈਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤਾਨਿਓ ਗੁਤਾਰੇਸ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਚ ਮੁਸੀਬਤਾਂ ਦਾ ਸਾਹਮਣਾ ਕਰਰਹੇ ਮੁਹਾਜਿਰਾਂ ਅਤੇ ਬਲੂਚਾਂ ਦੀ ਮਦਦ ਲਈ ਅੱਗੇ ਆਉਣ। ਐੱਮ. ਕਿਊ. ਐੱਮ. ਵਿਸ਼ੇਸ਼ ਰੂਪ ਨਾਲ ਊਰਦੂ ਭਾਸ਼ੀ ਮੁਹਾਜਿਰਾਂ ਦੀ ਨੁਮਾਇੰਦਗੀ ਕਰਦਾ ਹੈ, ਜੋ ਸਾਲ 1947 ਵਿਚ ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ ਭਾਰਤ ਤੋਂ ਪਾਕਿਸਤਾਨ ਚਲੇ ਗਏ ਸਨ।


Related News