ਵੀਅਤਨਾਮ : ਹੜ੍ਹ ਕਾਰਨ 13 ਮਰੇ ਤੇ 3 ਲਾਪਤਾ
Monday, Sep 03, 2018 - 03:10 PM (IST)

ਹਨੋਈ (ਬਿਊਰੋ)— ਵੀਅਤਨਾਮ ਦੇ ਉੱਤਰੀ ਅਤੇ ਮੱਧ ਹਿੱਸਿਆਂ ਵਿਚ ਬੀਤੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਇੱਥੇ ਹੜ੍ਹ ਆਉਣ ਅਤੇ ਜ਼ਮੀਨ ਖਿਸਕਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਲਾਪਤਾ ਹੋ ਗਏ। ਵੀਅਤਨਾਮ ਦੀ 'ਸੈਂਟਰਲ ਸਟੀਅਰਿੰਗ ਕਮੇਟੀ ਫੌਰ ਨੈਚਰਲ ਡਿਸਾਸਟਰ ਪ੍ਰੀਵੈਨਸ਼ਨ ਐਂਡ ਕੰਟਰੋਲ' ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸੋਮਵਾਰ ਦੀ ਸਵੇਰ ਤੱਕ ਹੜ੍ਹ ਕਾਰਨ ਮੱਧ ਥਾਨਹ ਹੋਆ ਸੂਬੇ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਲਾਪਤਾ ਹੋ ਗਏ। ਇਸ ਵਿਚਕਾਰ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਉੱਤਰ ਦੇ 4 ਸੂਬਿਆਂ ਹੋਆ ਬਿਨਹ, ਯੇਨ ਬਾਈ, ਸੋਨ ਲਾਅ ਤੇ ਲਾਂਗ ਸੋਨ ਵਿਚ ਹਰੇਕ ਸੂਬੇ ਵਿਚ ਇਕ ਸ਼ਖਸ ਦੀ ਮੌਤ ਹੋ ਗਈ।
ਕਮੇਟੀ ਨੇ ਕਿਹਾ ਕਿ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 364 ਘਰ ਢਹਿ ਗਏ ਅਤੇ 6,523 ਹੈਕਟੇਅਰ ਕਣਕ ਅਤੇ ਹੋਰ ਦੂਜੀਆਂ ਫਸਲਾਂ ਬਰਬਾਦ ਹੋਈਆਂ ਹਨ। ਇਸ ਦੇ ਇਲਾਵਾ 512 ਪਸ਼ੂ, 56,367 ਪੰਛੀ ਮਾਰੇ ਗਏ ਅਤੇ 963 ਹੈਕਟੇਅਰ ਐਕਵਾਕਲਚਰ ਤਲਾਬਾਂ, 620 ਮੀਟਰ ਪੁਲਾਂ ਅਤੇ 6174 ਮੀਟਰ ਨਹਿਰਾਂ ਨੂੰ ਨੁਕਸਾਨ ਪਹੁੰਚਿਆ ਹੈ। ਵੀਅਤਨਾਮ ਦੇ ਖੇਤੀ ਅਤੇ ਪੇਂਡੂ ਵਿਕਾਸ ਮੰਤਰਾਲੇ ਮੁਤਾਬਕ ਇਸ ਸਾਲ ਦੇ ਪਹਿਲੇ 8 ਮਹੀਨਿਆਂ ਵਿਚ ਆਈਆਂ ਕੁਦਰਤੀ ਆਫਤਾਂ ਜਿਨ੍ਹਾਂ ਵਿਚ ਜ਼ਿਆਦਾਤਰ ਹੜ੍ਹ, ਤੂਫਾਨ ਅਤੇ ਜ਼ਮੀਨ ਖਿਸਕਣਾ ਸ਼ਾਮਲ ਸੀ, ਉਸ ਨਾਲ 153 ਲੋਕਾਂ ਦੀ ਮੌਤ ਹੋ ਗਈ ਅਤੇ 119 ਲੋਕ ਜ਼ਖਮੀ ਹੋ ਗਏ। ਇਸ ਨਾਲ 7,000 ਅਰਬ ਤੋਂ ਜ਼ਿਆਦਾ ਵਿਅਤਨਾਮੀ ਡੋਂਗ (30.4 ਕਰੋੜ ਅਮਰੀਕੀ ਡਾਲਰ) ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ।