ਅਮਰੀਕਾ ਤੇ ਕੈਨੇਡਾ ’ਚ ''ਵਿਕਟੋਰੀਆਜ਼ ਸੀਕ੍ਰੇਟ'' ਦੇ ਇਕ ਚੌਥਾਈ ਸਟੋਰ ਕੀਤੇ ਜਾਣਗੇ ਬੰਦ

5/22/2020 11:22:17 PM

ਨਿਊਯਾਰਕ(ਇੰਟ.)– ‘ਵਿਕਟੋਰੀਆਜ਼ ਸੀਕ੍ਰੇਟ’ ਵਲੋਂ ਆਉਂਦੇ ਕੁਝ ਮਹੀਨਿਆਂ ਦੌਰਾਨ ਅਮਰੀਕਾ ਅਤੇ ਕੈਨੇਡਾ ’ਚ ਆਪਣੇ ਇਕ ਚੌਥਾਈ ਸਟੋਰਾਂ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਉਕਤ ਕੰਪਨੀ ਨੂੰ ਪਿਛਲੇ ਕੁਝ ਹਫਤਿਆਂ ਦੌਰਾਨ ਇਹ ਦੂਜਾ ਵੱਡਾ ਝਟਕਾ ਹੋਵੇਗਾ। ਕੁਝ ਹਫਤੇ ਪਹਿਲਾਂ ਕੰਪਨੀ ਨੇ ਆਪਣੀ ਅਰਬਾਂ ਡਾਲਰ ਦੀ ਨਿੱਜੀਕਰਣ ਦੀ ਯੋਜਨਾ ਨੂੰ ਛੱਡਿਆ ਸੀ। ਕੰਪਨੀ ਦੇ ਮਾਲਕ ਐੱਲ. ਬ੍ਰਾਂਡਜ਼ ਨੇ ਸ਼ੁੱਕਰਵਾਰ ਦੱਸਿਆ ਕਿ ਅਜੇ ਫਿਲਹਾਲ 250 ਸਟੋਰਾਂ ਨੂੰ ਬੰਦ ਕਰਨ ਦਾ ਫੈਸਲਾ ਇਕ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਕੁਝ ਸਾਲਾਂ ਦੌਰਾਨ ਕੰਪਨੀ ਆਪਣੇ ਕਈ ਹੋਰ ਸਟੋਰ ਵੀ ਬੰਦ ਕਰ ਦੇਵੇਗੀ। ਉੱਤਰੀ ਅਮਰੀਕਾ ’ਚ ਵੱਖ-ਵੱਖ ਥਾਵਾਂ ’ਤੇ ਵਿਕਟੋਰੀਆਜ਼ ਸੀਕ੍ਰੇਟ ਦੇ 1,100 ਤੋਂ ਵੱਧ ਸਟੋਰ ਹਨ।

ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਸਟੁਅਰਟ ਨੇ ਆਪਣੀ ਕੰਪਨੀ ਦੇ ਹੱਕ ’ਚ ਦਲੀਲ ਦਿੰਦਿਆਂ ਕਿਹਾ ਕਿ ਸਟੋਰਾਂ ਨੂੰ ਬੰਦ ਕਰਨ ਦਾ ਫੈਸਲਾ ਅਸਲ ’ਚ ਵਿਕਟੋਰੀਆਜ਼ ਸੀਕ੍ਰੇਟ ਨੂੰ ਹੋਰ ਮਜ਼ਬੂਤ ਬਣਾਉਣ ਤੋਂ ਹੈ। ਐੱਲ. ਬ੍ਰਾਂਡਜ਼ ਨੇ ਕੁਝ ਸਮਾਂ ਪਹਿਲਾਂ ਇਕ ਪ੍ਰਾਈਵੇਟ ਫਰਮ ਨਾਲ ਨਿੱਜੀਕਰਣ ਬਾਰੇ ਇਕ ਸਮਝੌਤਾ ਕੀਤਾ ਸੀ ਜੋ ਸਿਰੇ ਨਹੀਂ ਚੜ੍ਹ ਸਕਿਆ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ 50 ‘ਬਾਥ ਐਂਡ ਬਾਡੀ’ ਵਰਕਜ਼ ਸਟੋਰ ਵੀ ਬੰਦ ਕਰ ਦੇਵੇਗੀ। ਇਹ ਸਟੋਰ ਵਧੇਰੇ ਕਰ ਕੇ ਵੱਖ-ਵੱਖ ਮਾਲਜ਼ ’ਚ ਸਥਿਤ ਹਨ ਅਤੇ ਉਥੇ ਹੁਣ ਵਧੇਰੇ ਖਰੀਦਦਾਰ ਨਹੀਂ ਜਾਂਦੇ। ਸਟੋਰਾਂ ਨੂੰ ਬੰਦ ਕਰਨ ਦੇ ਬਾਵਜੂਦ ‘ਬਾਥ ਐਂਡ ਬਾਡੀ’ ਦੀ ਪਿਛਲੇ ਸਾਲ ਆਨਲਾਈਨ ਵਿਕਰੀ 85 ਫੀਸਦੀ ਵਧੀ। ਕੰਪਨੀ ਨੂੰ ਅਜੇ ਵੀ ਆਪਣੇ ਵੱਖ-ਵੱਖ ਸੈਨੇਟਾਈਜਰ ਪ੍ਰੋਡਕਟਸ ਦੀ ਵਿਕਰੀ ਵਧਣ ਦੀ ਆਸ ਹੈ।


Baljit Singh

Content Editor Baljit Singh