ਇਟਲੀ ''ਚ ਪ੍ਰਦਰਸ਼ਨੀ ਤੋਂ ਭਾਰਤੀ ਗਹਿਣੇ ਲੈ ਕੇ ਰਫੂ-ਚੱਕਰ ਹੋਏ ਚੋਰ
Thursday, Jan 04, 2018 - 04:59 PM (IST)

ਰੋਮ (ਭਾਸ਼ਾ)— ਇਟਲੀ ਦੇ ਸ਼ਹਿਰ ਵੈਨਿਸ 'ਚ ਸਥਿਤ ਇਕ ਪੈਲੇਸ 'ਚ ਆਯੋਜਿਤ ਇਕ ਪ੍ਰਦਰਸ਼ਨੀ ਦੌਰਾਨ ਮਸ਼ਹੂਰ ਅਲ ਥਾਨੀ ਕਲੈਕਸ਼ਨ ਦੇ ਕੀਮਤੀ ਭਾਰਤੀ ਗਹਿਣੇ ਚੋਰੀ ਹੋ ਗਏ। ਪੁਲਸ ਨੇ ਦੱਸਿਆ ਕਿ ਚੋਰ ਪ੍ਰਦਰਸ਼ਨੀ ਦੇ ਆਖਰੀ ਦਿਨ ਭੀੜ ਦਾ ਹਿੱਸਾ ਬਣ ਕੇ ਆਏ ਅਤੇ ਬਰੂਚ (ਕੱਪੜੇ 'ਚ ਲਾਉਣ ਵਾਲੇ ਗਹਿਣੇ) ਅਤੇ ਇਕ ਜੋੜੀ ਝੁਮਕੇ ਲੈ ਕੇ ਰਫੂ-ਚੱਕਰ ਹੋ ਗਏ।
ਪੁਲਸ ਨੇ ਕਿਹਾ ਕਿ ਗਾਇਬ ਗਹਿਣੇ ਸੋਨੇ ਅਤੇ ਹੀਰੇ ਦੇ ਬਣੇ ਹਨ ਅਤੇ ਇਸ ਦੀ ਕੀਮਤ ਲੱਖਾਂ ਯੂਰੋ ਦੱਸੀ ਗਈ ਹੈ। ਪੁਲਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ 10.00 ਵਜੇ ਸੁਰੱਖਿਆ ਅਲਾਰਮ ਵੱਜਿਆ, ਜਿਸ ਤੋਂ ਬਾਅਦ ਪੁਲਸ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਪਰ ਉਦੋਂ ਤੱਕ ਚੋਰ ਦੌੜਨ ਵਿਚ ਸਫਲ ਹੋ ਚੁੱਕੇ ਸਨ। ਵੈਨਿਸ ਦੇ ਪੁਲਸ ਮੁਖੀ ਨੇ ਦੱਸਿਆ ਕਿ ਅਲਾਰਮ ਵੱਜਣ 'ਚ ਦੇਰੀ ਹੋਣ ਕਾਰਨ ਚੋਰ ਦੌੜਨ ਵਿਚ ਸਫਲ ਰਹੇ।
ਜ਼ਿਕਰਯੋਗ ਹੈ ਕਿ ਅਲ ਥਾਨੀ ਭੰਡਾਰਨ ਭਾਰਤੀ ਅਤੇ ਭਾਰਤ ਤੋਂ ਪ੍ਰੇਰਿਤ ਗਹਿਣਿਆਂ ਅਤੇ ਕੀਮਤੀ ਪੱਥਰਾਂ ਦਾ ਇਕ ਪ੍ਰਸਿੱਧ ਭੰਡਾਰਨ ਹੈ। ਜਿਸ 'ਚ ਮੁਗਲਕਾਲ ਤੋਂ ਲੈ ਕੇ ਵਰਤਮਾਨ ਤੱਕ ਦੇ ਗਹਿਣੇ ਹਨ। ਇਸ ਨੂੰ ਕਤਰ ਦੇ ਸ਼ੇਖ ਹਮਦ ਬਿਨ ਅਬਦੁੱਲਾਹ ਅਲ ਥਾਨੀ ਨੇ ਇਕੱਠਾ ਕੀਤਾ। ਫਾਊਂਡੇਸ਼ਨ ਨੇ ਆਪਣੇ ਬਿਆਨ 'ਚ ਕਿਹਾ ਕਿ ਚੋਰੀ ਕੀਤੇ ਗਏ ਗਹਿਣਿਆਂ ਦੀ ਇਤਿਹਾਸਕ ਕੀਮਤ ਭੰਰਾਡਨ ਕੀਤੀਆਂ ਹੋਰ ਵਸਤੂਆਂ ਦੀ ਤੁਲਨਾ 'ਚ ਘੱਟ ਹੈ। ਜਦਕਿ ਪੁਲਸ ਦਾ ਕਹਿਣਾ ਹੈ ਕਿ ਗਹਿਣੇ ਵਿਲੱਖਣ ਹਨ ਅਤੇ ਇਨ੍ਹਾਂ ਦਾ ਬਜ਼ਾਰ 'ਚ ਵਿਕਣਾ ਲੱਗਭਗ ਨਾਮੁਮਕਿਨ ਹੈ।