ਵੈਨਜ਼ੁਏਲਾ : ਤਖਤਾਪਲਟ ਮਾਮਲੇ 'ਚ 9 ਫੌਜੀਆਂ ਨੂੰ ਹੋਈ ਜੇਲ
Thursday, Dec 27, 2018 - 11:07 AM (IST)

ਕਰਾਕਸ(ਭਾਸ਼ਾ)— ਵੈਨਜ਼ੁਏਲਾ ਦੀ ਉੱਚ ਅਦਾਲਤ ਨੇ 2014 'ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਤਖਤਾਪਲਟ ਦੀ ਸਾਜਿਸ਼ ਰਚਣ ਦੇ ਦੋਸ਼ 'ਚ ਹਥਿਆਰਬੰਦ ਫੌਜ ਦੇ 9 ਮੈਂਬਰਾਂ ਨੂੰ 8 ਸਾਲਾਂ ਲਈ ਜੇਲ ਦੀ ਸਜ਼ਾ ਸੁਣਾਈ ਹੈ। ਵੈਨਜ਼ੁਏਲਾ ਦੀ ਉੱਚ ਅਦਾਲਤ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸਾਰੇ 9 ਦੋਸ਼ੀਆਂ ਵਲੋਂ ਦਾਖਲ ਆਖਰੀ ਅਪੀਲ ਨੂੰ ਠੁਕਰਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਹੇਠਲੀ ਅਦਾਲਤ ਅਤੇ ਫੌਜੀ ਅਦਾਲਤ ਤੋਂ ਵੀ ਨਿਰਾਸ਼ਾ ਹੱਥ ਲੱਗੀ ਸੀ।
ਸਾਰੇ ਮੈਂਬਰ 2014 'ਚ ਸਰਕਾਰ ਦੇ ਖਿਲਾਫ ਚਲਾਏ ਗਏ 'ਆਪ੍ਰੇਸ਼ਨ ਜੈਰਿਕੋ' ਲਈ ਦੋਸ਼ੀ ਮੰਨੇ ਗਏ। ਵੈਨਜ਼ੁਏਲਾ ਦੇ ਵਿਰੋਧੀ ਦਲਾਂ ਨੇ ਉੱਚ ਅਦਾਲਤ 'ਤੇ ਮਾਦੁਰੋ ਲਈ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਉਸ ਸਮੇਂ ਲੋਕਾਂ ਵਿਚਕਾਰ ਵਿਦਰੋਹ ਭੜਕਾ ਕੇ ਸੱਤਾ ਪਲਟਣ ਲਈ ਮਾਦੁਰੋ ਅਤੇ ਹੋਰ ਉੱਚ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਸਾਜਸ਼ ਰਚੀ ਗਈ ਸੀ। ਮਾਦੁਰੋ ਨੇ ਦਸੰਬਰ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਅਮਰੀਕਾ ਹੋਰ ਦੇਸ਼ਾਂ ਜਿਵੇਂ ਕੋਲੰਬੀਆ ਦੀ ਸਰਕਾਰ ਅਤੇ ਬ੍ਰਾਜ਼ੀਲ ਦੇ ਚੁਣੇ ਗਏ ਰਾਸ਼ਟਰਪਤੀ ਜੇਅਰ ਬੋਲਸੋਨਾਰੀ ਦੀ ਮਦਦ ਨਾਲ ਉਨ੍ਹਾਂ ਨੂੰ ਸੱਤਾ 'ਚੋਂ ਬੇਦਖਲ ਕਰਨਾ ਚਾਹੁੰਦਾ ਹੈ।