ਕੋਰੋਨਾ ਮੁਸੀਬਤ ਵਿਚਕਾਰ ਅਮਰੀਕਾ ਨਾਲ ਜੰਗ ਦੀ ਤਿਆਰੀ 'ਚ ਇਹ ਮੁਲਕ
Monday, Apr 06, 2020 - 12:39 PM (IST)
ਕਰਾਕਸ : ਵਿਸ਼ਵ ਭਰ ਜਿੱਥੇ ਕੋਰੋਨਾ ਨਾਲ ਜੰਗ ਲੜ ਰਿਹਾ ਹੈ, ਉੱਥੇ ਹੀ, ਵੈਨਜ਼ੁਏਲਾ ਅਮਰੀਕਾ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੇਸ਼ 'ਚ ਤੋਪਾਂ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ।
ਮਾਦੁਰੋ ਨੇ ਇਹ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਅਮਰੀਕਾ ਨੇ ਨਸ਼ਾ ਤਸਕਰੀ ਦੇ ਦੋਸ਼ ਵਿਚ ਉਨ੍ਹਾਂ 'ਤੇ 1.5 ਕਰੋੜ ਡਾਲਰ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੋਇਆ ਹੈ। ਮਾਦੁਰੋ ਨੇ ਟਵੀਟ ਕੀਤਾ ਕਿ ਮੈਂ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਰਣਨੀਤਕ ਮਹੱਤਵਪੂਰਨ ਖੇਤਰਾਂ ਵਿਚ ਤੋਪਾਂ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ, "ਮੈਂ ਕੋਲੰਬੀਆ ਅਤੇ ਅਮਰੀਕਾ ਦੇ ਸਾਥੀ ਸਮੂਹਾਂ ਦੀ ਨਿੰਦਾ ਕਰਦਾ ਹਾਂ ਜਿਹੜੇ ਹਿੰਸਕ ਕਾਰਵਾਈਆਂ ਰਾਹੀਂ ਸਾਡੇ ਦੇਸ਼ ਦੀ ਸਥਿਰਤਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।"
ਮਾਦੁਰੋ ਨੂੰ ਗ੍ਰਿਫਤਾਰੀ ਦਾ ਡਰ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਾਦੁਰੋ ਨੇ ਦੁਨੀਆ ਭਰ ਦੇ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਬੇਨਤੀ ਕੀਤੀ ਸੀ ਕਿ ਉਹ ਉਸ ਦੀ ਸਹਾਇਤਾ ਕਰਨ। ਮਾਦੁਰੋ ਨੂੰ ਡਰ ਹੈ ਕਿ ਅਮਰੀਕਾ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕਰ ਸਕਦਾ ਹੈ। ਮਾਦੁਰੋ ਨੇ ਕਿਹਾ ਕਿ ਅਮਰੀਕਾ ਵੱਲੋਂ ਲਾਏ ਗਏ ਨਸ਼ਾ ਤਸਕਰੀ ਦੇ ਦੋਸ਼ ਝੂਠੇ ਹਨ ਅਤੇ ਇਸ ਦੇ ਕੋਈ ਸਬੂਤ ਨਹੀਂ ਹਨ। ਇਸ ਤੋਂ ਪਹਿਲਾਂ, ਯੂ. ਐੱਸ. ਨੇ ਐਲਾਨ ਕੀਤਾ ਸੀ ਕਿ ਨਸ਼ਾ ਤਸਕਰੀ ਦੇ ਮਾਮਲੇ ਵਿਚ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਦੀ ਗ੍ਰਿਫਤਾਰੀ ਲਾਇਕ ਸੂਚਨਾ ਦੇਣ ਵਾਲੇ ਮੁਖਬਰ ਨੂੰ ਉਹ 1.5 ਕਰੋੜ ਡਾਲਰ ਦਾ ਇਨਾਮ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਮਾਦੁਰੋ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਲਈ ਅਮਰੀਕਾ ਨੇ ਇਹ ਕਦਮ ਚੁੱਕਿਆ ਹੈ।
ਰਾਸ਼ਟਰਪਤੀ ਮਾਦੁਰੋ ਸਾਲ 2013 ਤੋਂ ਸੱਤਾ 'ਤੇ ਬਣੇ ਹੋਏ ਹਨ। ਅਮਰੀਕਾ ਦਾ ਦੋਸ਼ ਹੈ ਕਿ ਮਾਦੁਰੋ ਕੋਲੰਬੀਆ ਦੇ ਗੁਰਿੱਲਾ ਸਮੂਹ ਫਾਰਕ ਨਾਲ ਮਿਲ ਕੇ ਸਾਜਸ਼ ਰਚ ਰਹੇ ਹਨ। ਅਮਰੀਕੀ ਸਰਕਾਰ ਮੁਤਾਬਕ, ਫਾਰਕ ਅਮਰੀਕਾ ਵਿਚ ਵੱਡੇ ਪੱਧਰ 'ਤੇ ਕੋਕੀਨ ਦੀ ਤਸਕਰੀ ਕਰ ਰਿਹਾ ਹੈ। ਕਿਸੇ ਰਾਸ਼ਟਰ ਦੇ ਮੁਖੀ ਦੀ ਗ੍ਰਿਫਤਾਰੀ 'ਤੇ ਇਨਾਮ ਦਾ ਐਲਾਨ ਕਰਨਾ ਆਪਣੇ-ਆਪ ਵਿਚ ਇਕ ਬਹੁਤ ਦੁਰਲਭ ਘਟਨਾ ਹੈ। ਸੰਯੁਕਤ ਰਾਜ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਨੇ ਵੈਨਜ਼ੁਏਲਾ ਦੇ ਵਿਰੋਧੀ ਧਿਰ ਦੇ ਨੇਤਾ ਜੁਆਨ ਗਾਈਡੋ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ ਹੈ। ਹਾਲਾਂਕਿ, ਮਾਦੁਰੋ ਅਜੇ ਵੀ ਸੱਤਾ ਵਿਚ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀ ਸੈਨਾ, ਰੂਸ, ਚੀਨ ਅਤੇ ਕਿਊਬਾ ਦਾ ਸਮਰਥਨ ਪ੍ਰਾਪਤ ਹੈ।