ਚੀਨ ਦੀ ਆਰਥਿਕ ਮਦਦ ਨਾਲ ਵੈਨਜ਼ੁਏਲਾ ਦਾ ਸੰਕਟ ਹੋਰ ਵਧਿਆ

Saturday, Apr 13, 2019 - 09:53 AM (IST)

ਸੈਂਟੀਯਾਗੋ, (ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਚੀਨ ਵਲੋਂ ਵੈਨਜ਼ੁਏਲਾ ਦੀ ਨਿਕੋਲਸ ਮਾਦੁਰੋ ਸਰਕਾਰ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ ਨਾਲ ਇਸ ਦੇਸ਼ 'ਚ ਸੰਕਟ ਹੋਰ ਡੂੰਘਾ ਹੋ ਰਿਹਾ ਹੈ। ਪੋਂਪੀਓ ਨੇ ਲਾਤਿਨ ਅਮਰੀਕਾ ਦੀ ਚਾਰ ਦੇਸ਼ਾਂ ਦੀ ਯਾਤਰਾ ਚਿਲੀ ਤੋਂ ਸ਼ੁਰੂ ਕੀਤੀ। ਉਨ੍ਹਾਂ ਨੇ ਚਿਲੀ ਦੇ ਰਾਸ਼ਟਰਪਤੀ ਸੇਬੇਸਿਟਅਨ ਪਿਨੇਰਾ ਤੋਂ ਅਮਰੀਕਾ-ਚੀਨ ਵਪਾਰ ਯੁੱਧ ਅਤੇ ਵੈਨਜ਼ੁਏਲਾ ਸੰਕਟ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ। ਵੈਨਜ਼ੁਏਲਾ 'ਚ ਬੇਲਗਾਮ ਮਹਿੰਗਾਈ, ਖਾਧ ਪਦਾਰਥਾਂ ਅਤੇ ਦਵਾਈ ਦੀ ਕਮੀ ਅਤੇ ਹੋਰ ਕਠਿਨਾਈਆਂ ਦੇ ਚੱਲਦੇ ਵੈਨਜ਼ੁਏਲਾ ਦੇ ਤਕਰੀਬਨ 30 ਲੱਖ ਲੋਕ ਦੇਸ਼ ਛੱਡਣ ਨੂੰ ਮਜ਼ਬੂਰ ਹੋ ਗਏ ਹਨ। 

ਪੋਂਪੀਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਦੁਰੋ ਦੀ ਸਰਕਾਰ ਨੂੰ ਚੀਨ ਵਲੋਂ ਮਿਲ ਰਹੀ ਆਰਥਿਕ ਮਦਦ ਕਾਰਨ ਵੈਨਜ਼ੁਏਲਾ 'ਚ ਸੰਕਟ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ 60 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਇਸ ਦੇ ਬਦਲੇ 'ਚ ਕੋਈ ਸ਼ਰਤ ਨਹੀਂ ਰੱਖੀ। ਉਨ੍ਹਾਂ ਕਿਹਾ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮਾਦੁਰੋ ਨੇ ਉਸ ਧਨ ਦੀ ਵਰਤੋਂ ਆਪਣੇ ਸਾਥੀਆਂ ਨੂੰ ਦੇਣ ਅਤੇ ਲੋਕਤੰਤਰ ਸਮਰਥਕ ਅਧਿਕਾਰੀਆਂ ਨੂੰ ਕੁਚਲਣ ਲਈ ਕੀਤਾ ਹੈ।


Related News