ਵੈਨਕੁਵਰ ਸਕੂਲ ਬੋਰਡ ਦੀ ਨਵੀਂ ਘੋਸ਼ਣਾ ਨਾਲ ਮਾਪਿਆਂ ਨੂੰ ਮਿਲੀ ਰਾਹਤ
Saturday, Aug 29, 2020 - 12:20 PM (IST)

ਵੈਨਕੁਵਰ- ਕੋਰੋਨਾ ਵਾਇਰਸ ਦੇ ਖਤਰੇ ਕਾਰਨ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ। ਅਜਿਹੇ ਵਿਚ ਵੈਨਕੁਵਰ ਸਕੂਲ ਬੋਰਡ ਨੇ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਵੈਨਕੁਵਰ ਸਕੂਲ ਬੋਰਡ ਦਾ ਕਹਿਣਾ ਹੈ ਕਿ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਤਾਂ ਉਹ ਉਨ੍ਹਾਂ ਇਸ ਦਾ ਬਦਲ ਦੇ ਰਹੇ ਹਨ ਕਿ ਉਹ ਬੱਚਿਆਂ ਨੂੰ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰਵਾ ਸਕਦੇ ਹਨ।
ਸਕੂਲ ਬੋਰਡ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਮਾਪਿਆਂ 'ਤੇ ਹੋਏ ਸਰਵੇਖਣ ਦੇ ਬਾਅਦ ਇਹ ਅਸਥਾਈ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਵੇਰਵੇ ਅਗਲੇ ਹਫਤੇ ਉਪਲੱਬਧ ਹੋਣਗੇ। ਇਹ ਉਨ੍ਹਾਂ ਮਾਪਿਆਂ ਲਈ ਰਾਹਤ ਦੀ ਖ਼ਬਰ ਹੈ, ਜੋ ਆਪਣੇ ਬੱਚਿਆਂ ਨੂੰ ਕੋਰੋਨਾ ਸੰਕਟ ਕਾਰਨ ਸਕੂਲ ਭੇਜਣ ਤੋਂ ਘਬਰਾ ਰਹੇ ਹਨ ਪਰ ਨਾਲ ਦੇ ਨਾਲ ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਦੀ ਵੀ ਚਿੰਤਾ ਹੈ।
ਸੂਬੇ ਭਰ ਦੇ ਵਿਦਿਆਰਥੀ 10 ਸਤੰਬਰ ਤੋਂ ਕਲਾਸਾਂ ਵਿਚ ਮੁੜ ਪੜ੍ਹਾਈ ਕਰਨ ਲਈ ਤਿਆਰੀ ਕਰ ਰਹੇ ਹਨ ਤੇ ਕੋਰੋਨਾ ਤੋਂ ਬਚਾਅ ਲਈ ਸਕੂਲਾਂ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੂਬੇ ਭਰ ਦੇ 60 ਜ਼ਿਲ੍ਹਿਆਂ ਨੇ ਬੁੱਧਵਾਰ ਨੂੰ ਆਪਣੇ ਇਸ ਸਾਲ ਦੇ ਸਕੂਲ ਯੋਜਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਵੈਨਕੁਵਰ ਦੀ ਯੋਜਨਾ ਵਿਚ ਬੱਚਿਆਂ ਦੀ ਪੜ੍ਹਾਈ ਲਈ 3 ਬਦਲ ਸ਼ਾਮਲ ਹਨ- ਪੂਰਾ ਸਮਾਂ ਪੜ੍ਹਾਈ, ਵਿਅਕਤੀਗਤ ਕਲਾਸ ਅਤੇ ਘਰੋਂ ਪੜ੍ਹਾਈ ਕਰਨਾ। ਇਸ ਲਈ ਮਾਪੇ ਆਪਣੇ ਪਸੰਦ ਦੇ ਬਦਲ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾ ਸਕਦੇ ਹਨ।