ਦੱਖਣੀ ਅਫਰੀਕੀ ਸਟ੍ਰੇਨ ਲਈ ਟੀਕੇ ਸ਼ਾਇਦ ਨਾ ਕੰਮ ਕਰਨ : ਬ੍ਰਿਟਿਸ਼ ਮੰਤਰੀ
Friday, Jan 08, 2021 - 03:25 PM (IST)

ਲੰਡਨ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਹੀ ਦੁਨੀਆ ਨੂੰ ਨਵੇਂ ਕੋਰੋਨਾ ਸਟ੍ਰੇਨ ਨੇ ਹੁਣ ਨਵੀਂ ਮੁਸੀਬਤ ਵਿਚ ਪਾ ਦਿੱਤਾ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ੈੱਪਸ ਨੇ ਸ਼ੁੱਕਰਵਾਰ ਨੂੰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦੱਖਣੀ ਅਫਰੀਕਾ ਵਿਚ ਮਿਲੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਖ਼ਿਲਾਫ ਕੋਵਿਡ-19 ਟੀਕਾ ਪੂਰੀ ਤਰ੍ਹਾਂ ਕੰਮ ਕਰਨ ਵਿਚ ਸਮਰਥ ਨਹੀਂ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਦੱਖਣੀ ਅਫਰੀਕੀ ਨਵਾਂ ਕੋਰੋਨਾ ਸਟ੍ਰੇਨ ਬ੍ਰਿਟੇਨ ਵਿਚ ਮਿਲੇ ਸਟ੍ਰੇਨ ਨਾਲੋਂ ਵੀ ਖ਼ਤਰਨਾਕ ਹੈ। ਇਸ ਲਈ ਟੀਕੇ ਸ਼ਾਇਦ ਨਾ ਕੰਮ ਕਰਨ।
ਬ੍ਰਿਟਿਸ਼ ਟ੍ਰਾਂਸਪੋਰਟ ਸੱਕਤਰ ਨੇ ਇਹ ਚਿੰਤਾ ਉਸ ਵਕਤ ਜਤਾਈ ਹੈ ਜਦੋਂ ਦੁਨੀਆ ਦੇ ਮੋਹਰੀ ਕੋਵਿਡ-19 ਟੀਕੇ ਨਿਰਮਾਤਾ ਦੱਖਣੀ ਅਫਰੀਕਾ ਅਤੇ ਯੂ. ਕੇ. ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਲਈ ਆਪਣੇ ਟੀਕਿਆਂ ਦਾ ਪ੍ਰਯੋਗ ਕਰਕੇ ਦੇਖ ਰਹੇ ਹਨ। ਹਾਲਾਂਕਿ, ਫਾਈਜ਼ਰ ਅਤੇ ਬਾਇਓਨਟੈਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਕਾ ਇਸ ਖ਼ਿਲਾਫ ਲੜਨ ਵਿਚ ਅਸਰਦਾਰ ਲੱਗ ਰਿਹਾ ਹੈ।
ਗ੍ਰਾਂਟ ਸ਼ੈੱਪਸ ਨੇ ਕਿਹਾ ਕਿ ਦੱਖਣੀ ਅਫਰੀਕਾ ਦਾ ਨਵਾਂ ਸਟ੍ਰੇਨ ਮਾਹਰਾਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਹੋ ਸਕਦਾ ਹੈ ਕਿ ਇਸ ਖ਼ਿਲਾਫ ਟੀਕਾ ਉਸ ਤਰੀਕੇ ਨਾਲ ਪ੍ਰਤੀਕਿਰਿਆ ਨਾ ਦੇਵੇ ਜਾਂ ਬਿਲਕੁਲ ਉਸੇ ਤਰ੍ਹਾਂ ਕੰਮ ਨਾ ਕਰੇ, ਜਿਵੇਂ ਆਮ ਲਈ ਕਰ ਸਕਦਾ ਹੈ। ਗੌਰਤਲਬ ਹੈ ਕਿ ਬ੍ਰਿਟਿਸ਼ ਮੰਤਰੀ ਪਹਿਲਾਂ ਵੀ ਦੱਖਣੀ ਅਫਰੀਕਾ ਵਿਚ ਮਿਲੇ ਨਵੇਂ ਕੋਰੋਨਾ ਸਟ੍ਰੇਨ ਨੂੰ ਯੂ. ਕੇ. ਦੇ ਸਟ੍ਰੇਨ ਨਾਲੋਂ ਜ਼ਿਆਦਾ ਤੇਜ਼ੀ ਨਾਲ ਸੰਕਰਮਣ ਫੈਲਾਉਣ ਵਾਲਾ ਅਤੇ ਖ਼ਤਰਨਾਕ ਦੱਸ ਚੁੱਕੇ ਹਨ।