ਕੈਨੇਡੀਅਨਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਪੂਰੀ ਤਿਆਰੀ, ਜਲਦ ਖਤਮ ਹੋਵੇਗੀ ਉਡੀਕ : ਫ਼ੌਜ ਮੁਖੀ
Monday, Dec 07, 2020 - 12:53 PM (IST)
ਓਟਾਵਾ- ਕੈਨੇਡਾ ਦੇ ਉੱਚ ਫ਼ੌਜ ਮੁਖੀ ਨੇ ਕਿਹਾ ਕਿ ਜਿਵੇਂ ਹੀ ਕੈਨੇਡਾ ਵਿਚ ਕੋਰੋਨਾ ਵਾਇਰਸ ਵੈਕਸੀਨ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ ਵਿਚ ਵੈਕਸੀਨ ਲਗਾਤਾਰ ਵੱਡੀ ਮਾਤਰਾ ਵਿਚ ਪਹੁੰਚਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜਨਵਰੀ ਵਿਚ ਉਹ ਇਸ ਟੀਕੇ ਨੂੰ ਪੂਰੇ ਕੈਨੇਡਾ ਵਾਸੀਆਂ ਲਈ ਮੁਹੱਈਆ ਕਰਵਾ ਦੇਣਗੇ ਤਾਂ ਕਿ ਲੋਕ ਕੋਰੋਨਾ ਨੂੰ ਹਰਾ ਸਕਣ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਅਗਲੀ ਲਹਿਰ ਆਉਣ ਤੋਂ ਪਹਿਲਾਂ ਸਰਕਾਰ ਆਪਣੇ ਦੇਸ਼ ਵਾਸੀਆਂ ਨੂੰ ਇਸ ਤੋਂ ਬਚਣ ਲਈ ਵੈਕਸੀਨ ਦੇਵੇਗੀ। ਉਨ੍ਹਾਂ ਉਮੀਦ ਜਤਾਈ ਕਿ ਮੱਧ ਦਸੰਬਰ ਤੋਂ ਇਹ ਸ਼ੁਰੂ ਹੋ ਜਾਵੇਗਾ। ਇਸ ਲਈ ਫ਼ੌਜ ਵਲੋਂ ਸਿਹਤ ਕਾਮਿਆਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਦੇਸ਼ ਵਿਚ ਜਲਦੀ ਤੋਂ ਜਲਦੀ ਇਸ ਨੂੰ ਵੰਡਿਆ ਜਾ ਸਕੇ।
ਦੱਸ ਦਈਏ ਕਿ ਕੈਨੇਡਾ ਨੇ ਫਾਈਜ਼ਰ ਅਤੇ ਮੋਡੇਰਨਾ ਤੋਂ ਵੱਡੀ ਗਿਣਤੀ ਵਿਚ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਮੰਗਵਾਈਆਂ ਹਨ। ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਕੇ 4,15,182 ਹੋ ਗਈ ਹੈ, ਜੋ ਕਿ ਕੁਝ ਹੀ ਸਮੇਂ ਵਿਚ ਇੰਨੀ ਵੱਧ ਗਈ ਹੈ।