ਦੁਨੀਆਭਰ ’ਚ ਖਸਰੇ ਤੋਂ ਬਚਾਅ ਲਈ ਟੀਕਾਕਰਨ ਦੀ ਦਰ ਹੋਈ ਸੁਸਤ
Saturday, Mar 01, 2025 - 12:43 PM (IST)

ਬੈਂਕਾਕ (ਏਜੰਸੀ)- ਅਮਰੀਕਾ ’ਚ ਇਸ ਹਫ਼ਤੇ 2015 ਤੋਂ ਬਾਅਦ ਖਸਰੇ ਕਾਰਨ ਮੌਤ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ। ਟੈਕਸਾਸ ’ਚ ਖਸਰੇ ਨਾਲ ਇਕ ਬੱਚੇ ਮੌਤ ਹੋ ਗਈ, ਜਿਸ ਨੂੰ ਟੀਕਾ ਨਹੀਂ ਲੱਗਾ ਸੀ। ਹੁਣ ਤੱਕ ਟੈਕਸਾਸ ’ਚ 128 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਨਿਊ ਮੈਕਸੀਕੋ ’ਚ 9 ਮਾਮਲੇ ਸਾਹਮਣੇ ਆਏ ਹਨ।
ਮਾਹਿਰਾਂ ਅਨੁਸਾਰ ਕੋਵਿਡ-19 ਮਹਾਮਾਰੀ ਫੈਲਣ ਤੋਂ ਬਾਅਦ ਦੁਨੀਆਭਰ ’ਚ ਖਸਰੇ ਦੇ ਟੀਕੇ ਲਾਏ ਜਾਣ ਦੀ ਦਰ ’ਚ ਗਿਰਾਵਟ ਆਈ ਹੈ। ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ’ਚ ਬਹੁਤ ਛੋਟੇ ਬੱਚਿਆਂ ਲਈ ਖਸਰੇ ਦੇ ਟੀਕੇ ਲਾਏ ਜਾਣ ਦੀ ਦਰ 95 ਫੀਸਦੀ ਤੋਂ ਹੇਠਾਂ ਚਲੀ ਗਈ ਹੈ। ਖਸਰੇ ਦੇ ਕਹਿਰ ਤੋਂ ਬਚਾਉਣ ਲਈ ਟੀਕਾਕਰਨ ਦੀ ਦਰ 95 ਫੀਸਦੀ ਹੋਣੀ ਚਾਹੀਦੀ ਹੈ। ਬ੍ਰਿਟੇਨ ’ਚ 2024 ਵਿਚ ਖਸਰੇ ਦੇ 2911 ਮਾਮਲੇ ਸਾਹਮਣੇ ਆਏ ਸਨ।