ਸ੍ਰੀਲੰਕਾ ’ਚ 18-19 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਸ਼ੁਰੂ
Friday, Oct 15, 2021 - 03:44 PM (IST)
ਕੋਲੰਬੋ (ਭਾਸ਼ਾ) : ਸ੍ਰੀਲੰਕਾ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ 18-19 ਸਾਲ ਦੀ ਉਮਰ ਦੇ ਬਾਲਗਾਂ ਨੂੰ ਵੀ ਟੀਕੇ ਦੀ ਖ਼ੁਰਾਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸ੍ਰੀਲੰਕਾ ਨੇ ਬਜ਼ੁਰਗ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦੇਣ ਦੇ ਨਾਲ ਟੀਕਾਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਸ ਨੇ ਆਪਣੀ 2 ਕਰੋੜ 20 ਲੱਖ ਦੀ ਆਬਾਦੀ ਵਿਚੋਂ 57 ਫ਼ੀਸਦੀ ਲੋਕਾਂ ਨੂੰ ਟੀਕੇ ਦੀ ਖ਼ੁਰਾਕ ਦੇ ਦਿੱਤੀ ਹੈ। ਹੁਣ ਉਸ ਨੇ ਵਿਦਿਆਰਥੀਆਂ ਲਈ ਟੀਕਾਕਰਨ ਪ੍ਰੋਗਰਾਮ ਦਾ ਵਿਸਥਾਰ ਕੀਤਾ ਹੈ। ਰਾਜਧਾਨੀ ਕੋਲੰਬੋ ਅਤੇ ਉਪਨਗਰਾਂ ਵਿਚ 18-19 ਸਾਲ ਉਮਰ ਵਰਗ ਵਿਚ ਕਰੀਬ 24,000 ਲੋਕਾਂ ਨੂੰ ਫਾਈਜ਼ਰ ਦੇ ਟੀਕੇ ਦੀ ਖ਼ੁਰਾਕ ਦੇਣ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਕੀਤੀ ਗਈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਲੰਬੋ ਵਿਚ ਟੀਕਾਕਨ ਮੁਹਿੰਮ 21 ਦਿਨਾਂ ਦੇ ਅੰਦਰ ਪੂਰੀ ਹੋ ਜਾਏਗੀ ਅਤੇ ਉਹ ਅਗਲੇ ਹਫ਼ਤੇ ਤੋਂ ਦੇਸ਼ ਦੇ ਹੋਰ ਹਿੱਸਿਆਂ ਵਿਚ ਟੀਕੇ ਦੀ ਖ਼ੁਰਾਕ ਦੇਣੀ ਸ਼ੁਰੂ ਕਰਨਗੇ। ਸ੍ਰੀਲੰਕਾ ਨੇ ਕੋਰੋਨਾ ਵਾਇਰਸ ਸੰਕਰਮਣ ਅਤੇ ਮੌਤ ਦੇ ਮਾਮਲਿਆਂ ਵਿਚ ਕਮੀ ਆਉਣ ਦੇ ਨਾਲ 1 ਅਕਤੂਬਰ ਨੂੰ 6 ਹਫ਼ਤਿਆਂ ਤੋਂ ਲੱਗੀ ਤਾਲਾਬੰਦੀ ਹਟਾਈ ਪਰ ਇੱਥੇ ਸਕੂਲ ਅਜੇ ਵੀ ਬੰਦ ਹਨ ਅਤੇ ਲੋਕਾਂ ਦੇ ਗੈਰ-ਜ਼ਰੂਰੀ ਰੂਪ ਨਾਲ ਘਰੋਂ ਬਾਹਰ ਨਿਕਲਣ, ਜਨਤਕ ਰੂਪ ਨਾਲ ਇਕੱਠੇ ਹੋਣ ਅਤੇ ਆਵਾਜਾਈ ’ਤੇ ਵੀ ਪਾਬੰਦੀਆਂ ਹਨ। ਸ੍ਰੀਲੰਕਾ ਵਿਚ ਕੋਵਿਡ-19 ਦੇ 5,29,000 ਤੋਂ ਜ਼ਿਆਦਾ ਮਾਮਲੇ ਆਏ ਅਤੇ 13,048 ਮਰੀਜ਼ਾਂ ਨੇ ਜਾਨ ਗਵਾਈ।