ਉਜ਼ਬੇਕਿਸਤਾਨ ਨੇ ਚੀਨ ਜਾਣ ਵਾਲੀਆਂ ਉਡਾਣਾਂ ਕੀਤੀਆਂ ਰੱਦ
Saturday, Feb 01, 2020 - 01:37 PM (IST)

ਤਾਸ਼ਕੰਦ : ਉਜ਼ਬੇਕਿਸਤਾਨ ਨੇ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਖਤਰੇ ਕਾਰਨ ਸ਼ਨੀਵਾਰ ਨੂੰ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਉਜ਼ਬੇਕਿਸਤਾਨ ਦੇ ਆਵਾਜਾਈ ਮੰਤਰਾਲੇ ਦੇ ਬੁਲਾਰੇ ਨੇ ਸਪੂਤਨਿਕ ਨੂੰ ਇਹ ਜਾਣਕਾਰੀ ਦਿੱਤੀ।
ਬੁਲਾਰੇ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ ਕਿ ਚੀਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਉਜ਼ਬੇਕਿਸਤਾਨ ਨੇ 1 ਫਰਵਰੀ ਤੋਂ ਆਪਣੀ ਉਡਾਣ ਸੇਵਾ ਨੂੰ ਅਸਥਾਈ ਰੂਪ ਨਾਲ ਰੱਦ ਕਰ ਦਿੱਤਾ ਹੈ। ਬੁਲਾਰੇ ਮੁਤਾਬਕ ਕਮਿਸ਼ਨ ਦਾ ਗਠਨ ਬੁੱਧਵਾਰ ਨੂੰ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਕੋਰੋਨਾ ਵਾਇਰਸ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਉਜ਼ਬੇਕਿਸਤਾਨ ਨੇ ਚੀਨ 'ਚੋਂ ਉਨ੍ਹਾਂ ਦੇ ਨਾਗਰਿਕਾਂ ਨੂੰ ਕੱਢਣ ਲਈ ਚਾਰਟਰ ਉਡਾਣਾਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਜਾਨਲੇਵਾ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਸ਼ਹਿਰ ਵਿਚ ਵਿਚ ਪਤਾ ਲੱਗਾ ਸੀ, ਜੋ ਹੁਬੇਈ ਪ੍ਰਾਂਤ ਵਿਚ ਸਥਿਤ ਹੈ। ਇਹ ਵਾਇਰਸ ਦਸੰਬਰ ਵਿਚ ਸਾਹਮਣੇ ਆਇਆ ਅਤੇ ਦੇਖਦੇ ਹੀ ਦੇਖਦੇ 20 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਗਿਆ ਹੈ। ਉਜ਼ਬੇਕਿਸਤਾਨ ਵਿਚ ਹਾਲਾਂਕਿ ਇਸ ਵਾਇਰਸ ਦੇ ਕਿਸੇ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ।