ਉਈਗਰ ਬੀਬੀਆਂ ''ਤੇ ਚੀਨ ਸਰਕਾਰ ਦਾ ਤਸ਼ੱਦਦ, ਬੱਚਾ ਜੰਮਣ ਲਈ ਵੀ ਲਾਈ ਸ਼ਰਤ
Saturday, Sep 12, 2020 - 01:57 PM (IST)
ਬੀਜਿੰਗ- ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਢਾਹੁਣ ਕਾਰਨ ਚੀਨ ਸਾਰੀ ਦੁਨੀਆ ਵਿਚ ਬਦਨਾਮ ਹੋ ਚੁੱਕਾ ਹੈ। ਬੀਤੇ ਦਿਨੀਂ ਇਕ ਵੈਬੀਨਾਰ ਦੌਰਾਨ ਤਸ਼ੱਦਦ ਸਹਿਣ ਵਾਲੇ ਪੀੜਤਾਂ ਨੇ ਚੀਨ ਦਾ ਅਸਲੀ ਚਿਹਰਾ ਦੁਨੀਆ ਦੇ ਅੱਗੇ ਰੱਖਿਆ। ਇਕ ਮਨੁੱਖੀ ਅਧਿਕਾਰ ਸੰਗਠਨ ਦੀ ਹਾਲੀਆ ਰਿਪੋਰਟ ਮੁਤਾਬਕ ਜੇਕਰ ਉਈਗਰ ਬੀਬੀਆਂ ਚੀਨ ਦੀ ਕਮਿਊਨਿਸਟ ਸਰਕਾਰ ਦੇ ਨਿਯਮਾਂ ਮੁਤਾਬਕ ਗਰਭ ਧਾਰਣ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਆਪਣਾ ਗਰਭਪਾਤ ਕਰਵਾਉਣਾ ਪੈਂਦਾ ਹੈ। ਚੀਨ ਵਿਚ ਉਈਗਰ ਬੀਬੀਆਂ ਨੂੰ ਹੁਣ ਪਹਿਲੇ ਬੱਚੇ ਦੇ ਜਨਮ ਮਗਰੋਂ ਦੂਜੇ ਲਈ 3 ਜਾਂ 4 ਸਾਲ ਦਾ ਫਰਕ ਰੱਖਣਾ ਪੈਂਦਾ ਹੈ। ਇੱਥੇ ਇਮਾਮਾਂ ਦਾ ਵਧੇਰੇ ਸ਼ੋਸ਼ਣ ਕੀਤਾ ਜਾਂਦਾ ਹੈ।
ਐਡੀਅਨ ਜ਼ੈਨਜ਼ ਅਤੇ ਆਈ. ਪੀ. ਏ. ਸੀ. ਦੀ ਤਾਜ਼ਾ ਰਿਪੋਰਟ ਮੁਤਾਬਕ ਉਈਗਰ ਬੀਬੀਆਂ ਨੂੰ ਵਧੇਰੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਮਹਾਵਾਰੀ ਬੰਦ ਹੋ ਜਾਂਦੀ ਹੈ। ਜੁਮੇਰਤ ਦਾਊਤ ਨਾਂ ਦੀ ਇਕ ਬੀਬੀ ਨੇ ਦੱਸਿਆ ਕਿ ਉਸ ਨੂੰ ਇਕ ਵਾਰ ਇਕ ਟੀਕਾ ਲਗਾਇਆ ਗਿਆ, ਜਿਸ ਦੇ ਬਾਅਦ ਹੁਣ ਤੱਕ ਉਸ ਨੂੰ ਮਹਾਵਾਰੀ ਨਹੀਂ ਹੋਈ।
ਅਮਰੀਕਾ ਦੇ ਵਰਜੀਨੀਆ ਵਿਚ ਰਹਿਣ ਵਾਲੀ ਇਕ ਉਈਗਰ ਬੀਬੀ ਨੇ ਦੱਸਿਆ ਕਿ ਉਸ ਦੇ ਪਿਤਾ ਡਾ. ਗੁਲਸ਼ਨ ਅੱਬਾਸ ਚੀਨ ਸਰਕਾਰ ਦੀ ਹਿਰਾਸਤ ਵਿਚ ਹਨ। ਇਕ ਕੁੜੀ ਜਿਆ ਦੀ ਮਾਂ ਲਾਪਤਾ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਕਿ ਸਤੰਬਰ 2018 ਵਿਚ ਕੁਝ ਲੋਕ ਉਸ ਨੂੰ ਕਿੱਥੇ ਲੈ ਗਏ। ਵਿਸ਼ਵ ਭਰ ਦੀਆਂ ਬੀਬੀਆਂ ਦੇ ਮੁੱਦਿਆਂ ਨੂੰ ਦੇਖਣ ਵਾਲੀ ਕੈਲੀ ਕਿਊਰੀ ਨੇ ਕਿਹਾ ਕਿ ਸ਼ਿਨਝਿਆਂਗ ਸੂਬੇ ਵਿਚ ਮੂਲ ਮਨੁੱਖੀ ਪਹਿਲੂਆਂ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ।ਇੱਥੇ ਲੋਕਾਂ ਨਾਲ ਬਹੁਤ ਬੁਰੀ ਵਤੀਰਾ ਕੀਤਾ ਜਾਂਦਾ ਹੈ।