ਚਮੋਲੀ 'ਚ ਗਲੇਸ਼ੀਅਰ ਟੁੱਟਣ ਦੀ ਘਟਨਾ 'ਤੇ ਅਮਰੀਕਾ ਸਣੇ ਕਈ ਦੇਸ਼ਾਂ ਨੇ ਪ੍ਰਗਟਾਇਆ ਦੁੱਖ

Monday, Feb 08, 2021 - 08:51 AM (IST)

ਚਮੋਲੀ 'ਚ ਗਲੇਸ਼ੀਅਰ ਟੁੱਟਣ ਦੀ ਘਟਨਾ 'ਤੇ ਅਮਰੀਕਾ ਸਣੇ ਕਈ ਦੇਸ਼ਾਂ ਨੇ ਪ੍ਰਗਟਾਇਆ ਦੁੱਖ

ਚਮੋਲੀ- ਐਤਵਾਰ ਨੂੰ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਗਲੇਸ਼ੀਅਰ ਟੁੱਟਣ ਕਾਰਨ ਭਾਰੀ ਤਬਾਹੀ ਮਚ ਗਈ। ਇਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ ਅਜੇ ਕਈ ਲੋਕ ਲਾਪਤਾ ਹਨ। ਭਾਰਤ ਵਿਚ ਵਾਪਰੀ ਇਸ ਘਟਨਾ ਨੂੰ ਲੈ ਕੇ ਵਿਸ਼ਵ ਦੇ ਕਈ ਦੇਸ਼ਾਂ ਨੇ ਦੁੱਖ ਸਾਂਝਾ ਕੀਤਾ ਹੈ। 

ਅਮਰੀਕਾ ਨੇ ਟਵਿੱਟਰ 'ਤੇ ਲਿਖਿਆ, "ਭਾਰਤ ਵਿਚ ਗਲੇਸ਼ੀਅਰ ਟੁੱਟਣ ਅਤੇ ਜ਼ਮੀਨ ਖਿਸਕਣ ਦੀ ਘਟਨਾ ਕਾਰਨ ਮਾਰੇ ਗਏ ਲੋਕਾਂ ਪ੍ਰਤੀ ਸਾਡੀ ਹਮਦਰਦੀ ਹੈ। ਅਸੀਂ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਇਸ ਘਟਨਾ ਵਿਚ ਜ਼ਖ਼ਮੀ ਲੋਕਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ।"
ਉੱਥੇ ਹੀ, ਨੇਪਾਲ ਅਤੇ ਸੰਯੁਕਤ ਰਾਸ਼ਟਰ ਵਲੋਂ ਵੀ ਦੁੱਖ ਸਾਂਝਾ ਕੀਤਾ ਗਿਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਵੀ ਟਵੀਟ ਕਰਕੇ ਕਿਹਾ, "ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਦੀ ਘਟਨਾ ਦੇ ਬਾਅਦ ਮਦਦ ਲਈ ਜੁਟੇ ਲੋਕਾਂ ਨੂੰ ਹੋਰ ਹਿੰਮਤ ਮਿਲੇ। ਸੰਕਟ ਦੀ ਇਸ ਘੜੀ ਵਿਚ ਬ੍ਰਿਟੇਨ ਭਾਰਤ ਨਾਲ ਖੜ੍ਹਾ ਹੈ, ਅਸੀਂ ਭਾਰਤ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ।"

ਚਮੋਲੀ ਵਿਚ ਮਚੀ ਤਬਾਹੀ 'ਤੇ ਯੁਨਾਈਟਡ ਨੇਸ਼ਨ ਜਨਰਲ ਅਸੈਂਬਲੀ ਦੇ 75ਵੇਂ ਸੈਸ਼ਨ ਦੇ ਮੁਖੀ ਵੋਲਕਾਨ ਬੋਜਕਿਰ ਨੇ ਅਧਿਕਾਰਕ ਖ਼ਾਤੇ ਤੋਂ ਟਵੀਟ ਕਰਕੇ ਕਿਹਾ, "ਮੈਂ ਇਸ ਘਟਨਾ 'ਤੇ ਨੇੜਿਓਂ ਨਜ਼ਰ ਬਣਾ ਕੇ ਰੱਖ ਰਿਹਾ ਹਾਂ।" ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਉਹ ਭਾਰਤ ਨਾਲ ਇਸ ਮੁਸ਼ਕਲ ਸਮੇਂ ਵਿਚ ਖੜ੍ਹੇ ਹਨ।

ਇਹ ਵੀ ਪੜ੍ਹੋ- ਅਮਰੀਕਾ 'ਚ ਤਕਰੀਬਨ 39 ਮਿਲੀਅਨ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ : ਸੀ. ਡੀ. ਸੀ.

ਜ਼ਿਕਰਯੋਗ ਹੈ ਕਿ ਗਲੇਸ਼ੀਅਰ ਟੁੱਟਣ ਕਾਰਨ ਘੱਟ ਤੋਂ ਘੱਟ 10 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 140 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਰਾਹਤ ਕਰਮਚਾਰੀਆਂ ਵਲੋਂ 25 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। 
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


author

Lalita Mam

Content Editor

Related News