ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Wednesday, Oct 06, 2021 - 02:55 AM (IST)

ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਫਰਿਜ਼ਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ) : ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਫਾਊਲਰ ਵਿਖੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਅਤੇ ਸਹਿਯੋਗੀਆਂ ਵੱਲੋਂ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ ਯਾਦਗਾਰੀ ਮੇਲਾ ਸ਼ਹਿਰ ਦੇ ਪੈਨਜੈਕ ਪਾਰਕ ਵਿਖੇ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ‘ਤੇ ਫੁੱਲਾਂ ਦੇ ਹਾਰ ਪਾਉਣ ਨਾਲ ਹੋਈ। ਇਸ ਉਪਰੰਤ ਯਮਲਾ ਜੀ ਦੇ ਸਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਕੀਤੀ। ਇਸ ਉਪਰੰਤ ਸੁਰੂ ਹੋਇਆ ਗਾਇਕੀ ਦਾ ਖੁਲ੍ਹਾਂ ਅਖਾੜਾ, ਜਿਸ ਵਿੱਚ ਕਲਾਕਾਰਾ ਨੇ ਆਪਣੀ ਵਿਰਾਸਤੀ ਗਾਇਕੀ ਰਾਹੀ ਹਾਜ਼ਰੀਨ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ।

ਗਾਇਕਾ ਅਤੇ ਬੁਲਾਰਿਆਂ ਵਿੱਚ ਰਾਜ ਬਰਾੜ ਤੋਂ ਇਲਾਵਾ ਖਾਸ ਤੌਰ ‘ਤੇ ਗਾਇਕ ਬਰਜਿੰਦਰ ਮਚਲਾ ਜੱਟ, ਅਵਤਾਰ ਗਰੇਵਾਲ, ਪੱਪੀ ਭਦੌੜ, ਕੁੰਦਨ ਧਾਮੀ, ਗੁਰਬਿੰਦਰ ਬਰਾੜ, ਹਰਜੀਤ ਸਿੰਘ ਅਤੇ ਨਾਜ਼ਰ ਸਿੰਘ ਕੂਨਰ ਆਦਿਕ ਨੇ ਹਾਜ਼ਰੀ ਭਰੀ। ਜਦਕਿ ਦਿਲਦਾਰ ਬ੍ਰਦਰਜ਼ ਕੈਲੀਫੋਰਨੀਆ ਮਿਊਜ਼ੀਕਲ ਗਰੁੱਪ ਦੇ ਗਾਇਕ ਸੰਗੀਤਕਾਰਾਂ ਦੀ ਅਣਹੋਂਦ ਕਰਕੇ ਗਾਉਣ ਤੋਂ ਅਸਮਰੱਥ ਰਹੇ। ਮੇਲੇ ਦੌਰਾਨ ਲੋਕਾ ਦੀ ਘੱਟ ਹਾਜ਼ਰੀ ਵੀ ਮਹਿਸੂਸ ਹੋਈ।  ਇਸੇ ਤਰਾਂ ਮੇਲੇ ਵਿੱਚ ਗਾਇਕਾ ਨੂੰ ਸੰਗੀਤ ਦੇਣ ਵਾਲੀ ਟੀਮ ਦਾ ਮੁੱਕਰ ਜਾਣਾ ਅਤੇ ਨਾ ਪਹੁੰਚਣਾ ਵੀ ਕਿਸੇ ਤਰਾਂ ਨਾਲ ਪ੍ਰਬੰਧਕਾਂ ਨੂੰ ਅੱਗੇ ਤੋਂ ਸਬਕ ਦੇ ਗਿਆ।

ਜਦਕਿ ਸਾਡੇ ਆਪਣੇ ਸਥਾਨਕ ਕਲਾਕਾਰਾ ਵਿੱਚ ਅਵਤਾਰ ਗਰੇਵਾਲ ਅਤੇ ਪੱਪੀ ਭਦੌੜ ਨੇ ਸੰਗੀਤ ਦੇ ਸਟੇਜ਼ ‘ਤੇ ਕਲਾਕਾਰਾਂ ਨੂੰ ਪੂਰਾ ਸਾਥ ਦਿੱਤਾ। ਮੇਲੇ ਦੌਰਾਨ “ਧਾਲੀਆਂ ਅਤੇ ਮਾਛੀਕੇ ਮੀਡੀਆਂ ਯੂ.ਐਸ.ਏ.” ਵੱਲੋਂ ਹਮੇਸਾ ਵਾਂਗ ਨਿਰਧੱੜਕ ਸੇਵਾਵਾ ਦਿੱਤੀਆਂ ਗਈਆਂ।  ਸਟੇਜ਼ ਸੰਚਾਲਨ ਦੀ ਸੇਵਾ ਰੇਡੀਓ ਹੋਸ਼ਟ ਜਗਤਾਰ ਗਿੱਲ ਨੇ ਬਾਖੂਬੀ ਨਿਭਾਈ। ਮੇਲੇ ਦੌਰਾਨ ਸ਼ੌਕਤ ਅਲੀ ਵੱਲੋਂ ਸੰਸਥਾ ਸੰਸਥਾ ਦੇ ਸਹਿਯੋਗ ਨਾਲ ਚਾਹ-ਪਕੌੜੇ, ਜਲੇਬੀਆਂ ਆਦਿਕ ਦੇ ਲੰਗਰ ਚੱਲੇ। ਇਹ ਨਿਰੋਲ ਪੰਜਾਬੀ ਸੱਭਿਆਚਾਰ ਦਾ ਸੁਨੇਹਾ ਦਿੰਦਾ ਹੋਇਆ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸਮਰਪਤ ਮੇਲਾ ਯਾਦਗਾਰੀ ਹੋ ਨਿਬੜਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News