ਅਮਰੀਕਾ ਦਾ ਵੱਡਾ ਕਦਮ ! ਇਰਾਨ ਜੰਗ ਵਿਚਾਲੇ ਵੈਨੇਜ਼ੁਏਲਾ ਬਾਰੇ ਕੀਤਾ ਅਹਿਮ ਐਲਾਨ
Thursday, Apr 02, 2026 - 04:28 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਇਕ ਪਾਸੇ ਇਰਾਨ ਨਾਲ ਜੰਗ 'ਚ ਖੁੱਭਿਆ ਹੋਇਆ ਹੈ, ਉੱਥੇ ਹੀ ਟਰੰਪ ਪ੍ਰਸ਼ਾਸਨ ਨੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦਾ ਵੱਡਾ ਫੈਸਲਾ ਲਿਆ ਹੈ। ਅਮਰੀਕੀ ਖ਼ਜ਼ਾਨਾ ਵਿਭਾਗ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਰੋਡਰਿਗਜ਼ ਦਾ ਨਾਮ ਪਾਬੰਦੀਸ਼ੁਦਾ ਲਿਸਟ 'ਚੋਂ ਕੱਢ ਦਿੱਤਾ ਗਿਆ ਹੈ।
3 ਜਨਵਰੀ ਨੂੰ ਅਮਰੀਕੀ ਫੌਜਾਂ ਵੱਲੋਂ ਵੈਨੇਜ਼ੁਏਲਾ ਵਿੱਚ ਕੀਤੀ ਗਈ ਇੱਕ ਵੱਡੀ ਕਾਰਵਾਈ ਦੌਰਾਨ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਨਿਊਯਾਰਕ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਡੇਲਸੀ ਰੋਡਰਿਗਜ਼ ਨੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਫੈਸਲੇ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਲੀਹ 'ਤੇ ਲਿਆਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਰੋਡਰਿਗਜ਼ 'ਤੇ ਇਹ ਪਾਬੰਦੀਆਂ ਸਾਲ 2018 ਵਿੱਚ ਲਗਾਈਆਂ ਗਈਆਂ ਸਨ। ਇਸੇ ਹਫ਼ਤੇ ਸੋਮਵਾਰ ਨੂੰ ਕਾਰਾਕਸ ਵਿੱਚ ਅਮਰੀਕੀ ਦੂਤਾਵਾਸ 7 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਮੁੜ ਖੋਲ੍ਹਿਆ ਗਿਆ ਹੈ।
ਇਹ ਵੀ ਪੜ੍ਹੋ- ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'
ਰੋਡਰਿਗਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਲਿਖਿਆ, "ਰਾਸ਼ਟਰਪਤੀ ਟਰੰਪ ਦਾ ਇਹ ਫੈਸਲਾ ਸਾਡੇ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ। ਸਾਨੂੰ ਉਮੀਦ ਹੈ ਕਿ ਬਾਕੀ ਰਹਿੰਦੀਆਂ ਪਾਬੰਦੀਆਂ ਵੀ ਜਲਦ ਹਟਾ ਦਿੱਤੀਆਂ ਜਾਣਗੀਆਂ, ਜਿਸ ਨਾਲ ਆਰਥਿਕ ਵਿਕਾਸ ਅਤੇ ਨਿਵੇਸ਼ ਦੇ ਰਾਹ ਖੁੱਲ੍ਹਣਗੇ।"
ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਕੋਲ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ। ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ ਤੇਲ ਸੰਕਟ ਦੇ ਦਰਮਿਆਨ ਅਮਰੀਕਾ ਦਾ ਵੈਨੇਜ਼ੁਏਲਾ ਪ੍ਰਤੀ ਨਰਮ ਰੁਖ਼ ਗਲੋਬਲ ਊਰਜਾ ਸਪਲਾਈ ਨੂੰ ਸਥਿਰ ਰੱਖਣ ਦੀ ਇੱਕ ਰਣਨੀਤੀ ਮੰਨਿਆ ਜਾ ਰਿਹਾ ਹੈ। ਮਾਦੁਰੋ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਹੁਣ ਅਮਰੀਕਾ ਵੈਨੇਜ਼ੁਏਲਾ ਨਾਲ ਨਵੀਂ ਭਾਈਵਾਲੀ ਸ਼ੁਰੂ ਕਰਨਾ ਚਾਹੁੰਦਾ ਹੈ। ਇਹ ਫੈਸਲਾ ਦਰਸਾਉਂਦਾ ਹੈ ਕਿ ਟਰੰਪ ਪ੍ਰਸ਼ਾਸਨ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦੱਖਣੀ ਅਮਰੀਕੀ ਦੇਸ਼ਾਂ ਨਾਲ ਸਬੰਧ ਸੁਧਾਰਨ ਨੂੰ ਪਹਿਲ ਦੇ ਰਿਹਾ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ ਦਾ ਅਨੋਖਾ ਕਦਮ ! ਅਮਰੀਕੀ ਨਾਗਰਿਕਾਂ ਦੇ ਨਾਂ ਲਿਖੀ 'ਚਿੱਠੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
