ਅਮਰੀਕਾ : ਵੈਕਸੀਨੇਸ਼ਨ ਕਰਵਾ ਚੁੱਕੇ ਮਾਪੇ ਬੱਚਿਆਂ ਨੂੰ ਲੈ ਕੇ ਚਿੰਤਾ ’ਚ, ਮਾਹਿਰਾਂ ਨੇ ਇਨ੍ਹਾਂ ਗੱਲਾਂ ’ਤੇ ਦਿੱਤਾ ਜ਼ੋਰ

Monday, May 24, 2021 - 09:10 PM (IST)

ਅਮਰੀਕਾ : ਵੈਕਸੀਨੇਸ਼ਨ ਕਰਵਾ ਚੁੱਕੇ ਮਾਪੇ ਬੱਚਿਆਂ ਨੂੰ ਲੈ ਕੇ ਚਿੰਤਾ ’ਚ, ਮਾਹਿਰਾਂ ਨੇ ਇਨ੍ਹਾਂ ਗੱਲਾਂ ’ਤੇ ਦਿੱਤਾ ਜ਼ੋਰ

ਇੰਟਰਨੈਸ਼ਨਲ ਡੈਸਕ : ਕੋਰੋਨਾ ਦੀ ਲਾਗ (ਮਹਾਮਾਰੀ) ਨੇ ਇਸ ਸਮੇਂ ਕਈ ਦੇਸ਼ਾਂ ’ਚ ਬਹੁਤ ਭਿਆਨਕ ਰੂਪ ਧਾਰਿਆ ਹੋਇਆ ਹੈ। ਇਹ ਵਾਇਰਸ ਦਿਨੋ ਦਿਨ ਹਜ਼ਾਰਾਂ ਜਾਨਾਂ ਨਿਗਲਦਾ ਜਾ ਰਿਹਾ ਹੈ। ਭਾਵੇਂ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਕਈ ਕੰਪਨੀਆਂ ਦੀ ਵੈਕਸੀਨ ਆ ਚੁੱਕੀ ਹੈ। ਇਸ ਦਰਮਿਆਨ ਅਮਰੀਕਾ ਸਣੇ ਕਈ ਦੇਸ਼ਾ ’ਚ ਲੋਕਾਂ ਦੇ ਦਿਲ ਤੇ ਦਿਮਾਗ ’ਚ ਕੋਰੋਨਾ ਵਾਇਰਸ ਤੋਂ ਬੱਚਿਆਂ ਦੀ ਸੁਰੱਖਿਆ ਦਾ ਸਵਾਲ ਪ੍ਰੇਸ਼ਾਨ ਕਰ ਰਿਹਾ ਹੈ। ਮਾਪੇ ਸੋਚਦੇ ਹਨ ਕਿ ਉਨ੍ਹਾਂ ਨੂੰ ਤਾਂ ਕੋਰੋਨਾ ਵਾਇਰਸ ਦੀ ਵੈਕਸੀਨ ਲੱਗ ਰਹੀ ਹੈ ਪਰ ਉਨ੍ਹਾਂ ਬੱਚਿਆਂ ਦਾ ਕੀ ਹੋਵੇਗਾ। ਅਮਰੀਕਾ ਦੀ ਇਕ ਅਖਬਾਰ ਨੇ ਇਕ ਸਰਵੇ ’ਚ ਵਾਇਰਸ ਨਾਲ ਸਬੰਧਤ ਬੀਮਾਰੀਆਂ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਉਹ ਜਲਦ ਤੋਂ ਜਲਦ ਆਪਣੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣਾ ਚਾਹੁਣਗੇ ਤਾਂ ਕਿ ਉਨ੍ਹਾਂ ’ਚ ਵਾਇਰਸ ਨਾਲ ਲੜਨ ਦੀ ਤਾਕਤ ਪੈਦਾ ਹੋ ਸਕੇ। ਮਾਹਿਰ ਮੰਨਦੇ ਹਨ ਕਿ ਵੈਕਸੀਨ ਆਉਣ ਤਕ ਬੱਚਿਆਂ ਦੇ ਪਰਿਵਾਰਾਂ ਨੂੰ ਮਾਸਕ ਤੇ ਸਮਾਜਿਕ ਦੂਰੀ ਵਰਗੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਅਜਿਹੀਆਂ ਸਰਗਰਮੀਆਂ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ’ਚ ਵਾਇਰਸ ਫੈਲਣ ਦਾ ਖਤਰਾ ਘੱਟ ਤੋਂ ਘੱਟ ਹੋਵੇ।ਜ਼ਿਕਰਯੋਗ ਹੈ ਕਿ ਅਮਰੀਕਾ ’ਚ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਫਿਰ ਵੀ ਕੁਝ ਮਾਪੇ ਆਪਣੇ ਬੱਚਿਆਂ ਨੂੰ ਵੈਕਸੀਨ ਲਗਵਾਉਣ ਤੋਂ ਕਤਰਾਉਂਦੇ ਹਨ। ਜ਼ਿਆਦਾਤਰ ਮਾਹਿਰ ਬੱਚਿਆਂ ਦੀ ਵੈਕਸੀਨ ਆਉਣ ਤਕ ਪਰਿਵਾਰਾਂ ਨੂੰ ਚੌਕੰਨਾ ਰਹਿਣ ਦੀ ਸਲਾਹ ਦਿੰਦੇ ਹਨ। ਮਾਪਿਆਂ ਨੂੰ ਬੱਚਿਆਂ ਦੇ ਸਮਾਜਿਕ ਤੌਰ ’ਤੇ ਵੱਖ-ਵੱਖ ਰਹਿਣ ਦੇ ਖਤਰਿਆਂ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਮਾਹਿਰ ਬੱਚਿਆਂ ਦੀ ਸਰੀਰਕ ਚਿੰਤਾ ਨਾਲੋਂ ਮਾਨਸਿਕ ਚਿੰਤਾ ਨੂੰ ਲੈ ਕੇ ਵਧੇਰੇ ਚਿੰਤਤ ਹਨ, ਫਿਰ ਵੀ ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਸਥਿਤੀਆਂ ਤੇ ਸਥਾਨਕ ਪੱਧਰ ’ਤੇ ਵਾਇਰਸ ਦੀ ਦਰ ’ਤੇ ਸਭ ਕੁਝ ਨਿਰਭਰ ਕਰੇਗਾ। ਮਾਹਿਰਾਂ ਨੇ ਵੱਖ-ਵੱਖ ਸਥਿਤੀਆਂ ਨੂੰ ਲੈ ਕੇ ਆਪਣੀਆਂ ਵੱਖ-ਵੱਖ ਸਲਾਹਾਂ ਦਿੱਤੀਆਂ ਹਨ।   

ਭੀੜ-ਭੜੱਕੇ ਵਾਲੀਆਂ ਥਾਵਾਂ ਸਬੰਧੀ ਸਲਾਹ
ਅਮਰੀਕਾ ’ਚ ਬੀਮਾਰੀ ਕੰਟਰੋਲ ਸੈਂਟਰਾਂ (ਸੀ. ਡੀ. ਸੀ.) ਨੇ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਬਿਨਾਂ ਮਾਸਕ ਲੱਗਭਗ ਹਰ ਥਾਂ ਜਾਣ ਦੀ ਆਗਿਆ ਦਿੱਤੀ ਹੈ ਪਰ ਅਜਿਹੇ ਪਰਿਵਾਰ ਕੀ ਕਰਨ, ਜਿਨ੍ਹਾਂ ਦੇ ਬੱਚਿਆਂ ਨੂੰ ਵੈਕਸੀਨ ਨਹੀਂ ਲੱਗੀ। ਮਾਹਿਰਾਂ ਨੇ ਕਿਹਾ ਕਿ ਬੱਚੇ ਮਾਸਕ ਲਾ ਕੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾ ਸਕਦੇ ਹਨ।

ਹੋਰਨਾਂ ਬੱਚਿਆਂ ਨਾਲ ਘਰ ’ਚ ਮੁਲਾਕਾਤ ਸੁਰੱਖਿਅਤ ਨਹੀਂ
ਇਸ ਨੂੰ ਲੈ ਕੇ ਵੀ ਮਾਹਿਰਾਂ ਦੀ ਸਲਾਹ ਵੱਖ-ਵੱਖ ਹੈ। ਅੱਧੇ ਤੋਂ ਜ਼ਿਆਦਾ ਮਾਹਿਰਾਂ ਨੇ ਕਿਹਾ ਕਿ ਵੱਖ ਵੱਖ ਪਰਿਵਾਰਾਂ ਦੇ ਵੈਕਸੀਨ ਰਹਿਤ ਬੱਚਿਆਂ ਦੀ ਇਨਡੋਰ ਮੁਲਾਕਾਤ ਨਹੀਂ ਹੋਣੀ ਚਾਹੀਦੀ। ਇਕ-ਤਿਹਾਈ ਤੋਂ ਥੋੜ੍ਹੇ ਜ਼ਿਆਦਾ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਸੀਮਤ ਰੱਖੀ ਜਾਵੇ ਤਾਂ ਪਰਿਵਾਰਾਂ ਵਿਚਾਲੇ ਮੇਲ-ਜੋਲ ਹੋ ਸਕਦਾ ਹੈ।

ਖੁੱਲ੍ਹੀਆਂ ਥਾਵਾਂ, ਜਿਥੇ ਮਾਸਕ ਜ਼ਰੂਰੀ ਨਹੀਂ
ਜਿਨ੍ਹਾਂ ਬੱਚਿਆਂ ਨੂੰ ਵੈਕਸੀਨ ਨਹੀਂ ਲੱਗੀ ਹੈ, ਉਨ੍ਹਾਂ ਨੂੰ ਦੂਜੇ ਲੋਕਾਂ ਕੇ ਨੇੜੇ-ਤੇੜੇ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ। 10 ’ਚੋਂ 8 ਮਾਹਿਰਾਂ ਨੇ ਕਿਹਾ ਜੇ ਬੱਚੇ ਖੁੱਲ੍ਹੀਆਂ ਥਾਵਾਂ ’ਚ ਹਨ ਤੇ ਖਤਰਾ ਘੱਟ ਹੈ ਤਾਂ ਉਹ ਇਕ-ਦੂਜੇ ਨੂੰ ਮਿਲ ਸਕਦੇ ਹਨ। ਆਯੋਵਾ ਯੂਨੀਵਰਸਿਟੀ ਦੇ ਇਕ ਮਾਹਿਰ ਰਾਯਨ ਕਾਰਨਾਹਨ ਕਹਿੰਦੇ ਹਨ ਕਿ ਮੈਂ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਸਵਿਮਿੰਗ ਪੂਲ ਆਦਿ ’ਚ ਆਪਣੇ ਬੱਚਿਆਂ ਨੂੰ ਅਜਨਬੀ ਲੋਕਾਂ ਕੋਲ ਨਹੀਂ ਜਾਣ ਦੇਵਾਂਗਾ, ਜਿਨ੍ਹਾਂ ਨੇ ਮਾਸਕ ਨਾ ਪਹਿਨੇ ਹੋਣਗੇ। ਮੈਂ ਆਪਣੇ ਬੱਚਿਆਂ ਨੂੰ ਕਹਾਂਗਾ ਦੂਰੀ ਬਣਾ ਕੇ ਰੱਖੋ।

ਬੰਦ ਥਾਵਾਂ, ਜਿਥੇ ਮਾਸਕ ਜ਼ਰੂਰੀ ਨਹੀਂ
ਤਿੰਨ-ਚੌਥਾਈ ਮਾਹਿਰਾਂ ਨੇ ਕਿਹਾ ਕਿ ਅਜੇ ਕੁਝ ਮਹੀਨਿਆਂ ਤਕ ਬੱਚੇ ਅਜਿਹੀਆਂ ਇਨਡੋਰ ਥਾਵਾਂ ’ਤੇ ਸੁਰੱਖਿਅਤ ਨਹੀਂ ਹਨ। ਬੀਕਨ ਚਿਲਡ੍ਰਨ ਹਸਪਤਾਲ ’ਚ ਫਿਜ਼ੀਸ਼ੀਅਨ ਅਸਦ ਅੰਸਾਰੀ ਦਾ ਕਹਿਣਾ ਹੈ ਕਿ ਇਨਡੋਰ ਥਾਵਾਂ ’ਤੇ ਖੁੱਲ੍ਹੀਆਂ ਥਾਵਾਂ ਨਾਲੋਂ ਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਮਾਹਿਰਾਂ ਨੇ ਸਲਾਹ ਦਿੱਤੀ ਕਿ ਰੈਸਟੋਰੈਂਟ ਦੇ ਅੰਦਰ ਬੈਠ ਕੇ ਬੱਚਿਆਂ ਨਾਲ ਖਾਣਾ, ਖਾਣਾ ਸੁਰੱਖਿਅਤ ਨਹੀਂ ਹੈ।

ਹਵਾਈ ਯਾਤਰਾ ਸੁਰੱਖਿਅਤ, ਜੇ ਮਾਸਕ ਪਹਿਨੇ ਹੋਣ
86 ਫੀਸਦੀ ਮਾਹਿਰਾਂ ਨੇ ਕਿਹਾ ਕਿ ਅਮਰੀਕਾ ’ਚ ਬੱਚਿਆਂ ਲਈ ਹਵਾਈ ਯਾਤਰਾ ਕਰਨਾ ਉਸੇ ਸਥਿਤੀ ’ਚ ਸੁਰੱਖਿਅਤ ਹੈ, ਜਦੋਂ ਬੱਚਿਆਂ ਤੇ ਬਾਕੀ ਲੋਕਾਂ ਨੇ ਮਾਸਕ ਪਹਿਨੇ ਹੋਣ। ਜਾਨ ਹਾਪਕਿੰਸ ’ਚ ਜਨ ਸਿਹਤ ਦੀ ਅਸਿਸਟੈਂਟ ਪ੍ਰੋਫੈਸਰ ਲਾਰਾ ਹੈਮਿਟ ਕਹਿੰਦੀ ਹੈ, ਲੰਬੀਆਂ ਉਡਾਣਾਂ ’ਚ ਵਾਇਰਸ ਫੈਲਣ ਦਾ ਖਤਰਾ ਵਧਦਾ ਹੈ, ਜੇ ਹਰ ਕਿਸੇ ਨੇ ਮਾਸਕ ਪਹਿਨਿਆ ਹੋਵੇ ਤਾਂ ਹਵਾਈ ਯਾਤਰਾ ਸੁਰੱਖਿਅਤ ਹੈ। ਜ਼ਿਆਦਾਤਰ ਮਾਹਿਰਾਂ ਨੇ ਕਿਹਾ ਕਿ ਵਾਇਰਸ ਦੇ ਖੁੱਲ੍ਹੀ ਥਾਂ ’ਚ ਫੈਲਣ ਦਾ ਖਦਸ਼ਾ ਘੱਟ ਹੁੰਦਾ ਹੈ ਪਰ ਬੱਚਿਆਂ ਨੂੰ ਖੇਡਦੇ ਸਮੇਂ ਮਾਸਕ ਲਾਉਣਾ ਜ਼ਰੂਰੀ ਹੈ।

 


author

Manoj

Content Editor

Related News