ਅਮਰੀਕਾ : ਸਿੱਖ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੀ ਹਮਾਇਤ 'ਚ ਵਿਸ਼ੇਸ਼ ਬੈਠਕ, ਲਈ ਗਏ ਅਹਿਮ ਫ਼ੈਸਲੇ

02/07/2021 5:58:16 PM

ਇੰਟਰਨੈਸ਼ਨਲ ਡੈਸਕ (ਬਿਊਰੋ): ਨਵੀਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸਰਕਾਰ ਨਾਲ 11 ਦੌਰ ਦੀ ਗੱਲਬਾਤ ਮਗਰੋਂ ਵੀ ਇਸ ਮੁੱਦੇ ਦਾ ਹੱਲ ਨਹੀਂ ਨਿਕਲ ਸਕਿਆ ਹੈ। 74 ਦਿਨਾਂ ਤੋਂ ਜਾਰੀ ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਭਾਈਚਾਰੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ 6 ਫਰਵਰੀ, 2021 ਨੂੰ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਤੇ ਉੱਥੋਂ ਦੀਆਂ ਸਮਾਜਿਕ ਸੰਸਥਾਵਾਂ ਦੀ ਫਰਿਜ਼ਨੋ, ਕੈਲੀਫੋਰਨੀਆ ਵਿਖੇ 'ਅਮਰੇਕਿਨ ਸਿੱਖ ਸੰਗਤ' ਨਾਮ ਹੇਠ ਅੰਦੋਲਨ ਕਰ ਰਹੇ ਕਿਸਾਨਾਂ ਪ੍ਰਤੀ ਇਕਜੁੱਟਤਾ ਤੇ ਚੜ੍ਹਦੀ ਕਲਾ ਲਈ ਇਕ ਵਿਸ਼ੇਸ਼ ਸਭਾ ਬੁਲਾਈ ਗਈ। 

ਇਸ ਸਭਾ ਵਿਚ ਅਮਰੀਕਾ ਭਰ ਵਿਚੋਂ ਲੱਗਭਗ 80 ਜੱਥੇਬੰਦੀਆਂ ਨੇ ਹਿੱਸਾ ਲਿਆ ਅਤੇ ਵਿਸ਼ੇਸ਼ ਤੌਰ 'ਤੇ ਕਿਸਾਨ ਜੱਥੇਬੰਦੀਆਂ ਦੇ ਲੀਡਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਕੀਤੇ ਗਏ। ਇਸ ਤੋਂ ਇਲਾਵਾ ਮੋਰਚੇ ਦੌਰਾਨ ਝੂਠੇ ਕੇਸਾਂ ਵਿਚ ਫੜੇ ਗਏ ਨੌਜਵਾਨ, ਪੱਤਰਕਾਰ ਅਤੇ ਕਾਰਕੁਨ ਨੌਦੀਪ ਕੌਰ ਦੀ ਪੈਰਵਾਈ ਕਰ ਰਹੇ ਵਕੀਲ ਅਮਰਵੀਰ ਸਿੰਘ ਭੁੱਲਰ ਕੋਲੋਂ ਇਹਨਾਂ ਕੇਸਾਂ ਬਾਰੇ ਜਾਣਕਾਰੀ ਲਈ ਗਈ। ਸਭਾ ਦੌਰਾਨ ਖਾਲਸਾ ਏਡ ਦੇ ਏਸ਼ੀਆ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਮੋਰਚੇ ਦੀ ਅਜੋਕੀ ਸਥਿਤੀ ਦੱਸੀ ਅਤੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸਭਾ ਦੇ ਅੰਤ ਵਿਚ ਕੁਝ ਮਤੇ ਪਾਏ ਗਏ, ਜਿਹਨਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ।

ਪੜ੍ਹੋ ਇਹ ਅਹਿਮ ਖਬਰ - ਬ੍ਰਿਟਿਸ਼ ਸਾਂਸਦਾਂ ਨੂੰ ਬੋਰਿਸ ਸਰਕਾਰ ਦਾ ਜਵਾਬ, ਕਿਹਾ-'ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਾਮਲਾ'

ਪਾਸ ਕੀਤੇ ਗਏ ਮਤਿਆਂ ਦਾ ਵੇਰਵਾ ਇਸ ਤਰ੍ਹਾਂ ਹੈ-

- ਅਮਰੀਕਾ ਦੀ ਸੰਗਤ ਵੱਲੋਂ ਬੇਨਤੀ ਹੈ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਤੇ ਨੌਜਵਾਨ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝ ਬਣਾ ਕੇ ਉਹਨਾਂ ਦੀ ਅਗਵਾਈ ਵਿਚ ਇਕੱਠੇ ਹੋ ਕੇ ਕਿਸਾਨਾਂ ਦੀ ਆਵਾਜ਼ ਬਣਨ। ਤੁਹਾਡੀ ਸਾਰਿਆਂ ਦੀ ਇਕਜੁੱਟਤਾ ਨੂੰ ਬਹਾਲ ਕਰਨ ਲਈ ਅਮਰੀਕਾ ਦੀ ਸੰਗਤ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਮੀਟਿੰਗ ਤੋਂ ਬਾਅਦ ਅਸੀਂ ਸਾਰੀਆਂ ਧਿਰਾਂ ਨਾਲ ਰਾਬਤਾ ਕਾਇਮ ਕਰਾਂਗੇ।

- ਸਾਡੀ ਕਿਸਾਨ ਯੂਨੀਅਨ ਲੀਡਰਾਂ ਨੂੰ ਬੇਨਤੀ ਹੈ ਕਿ ਜਿਹੜੇ ਨੌਜਵਾਨ, ਬਜ਼ੁਰਗ, ਪੱਤਰਕਾਰ ਜਾਂ ਸਮਾਜ ਸੇਵੀ ਸੰਘਰਸ਼ ਦੌਰਾਨ ਰਾਜਨੀਤਕ ਦਬਾਅ ਹੇਠ ਲਗਾਤਾਰ ਪੁਲਸ ਵੱਲੋਂ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿਚ ਪਾਏ ਜਾ ਰਹੇ ਹਨ, ਉਹਨਾਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਜਾਵੇ ਤਾਂ ਜੋ ਪਿੰਡਾਂ ਵਿਚੋਂ ਆਉਣ ਵਾਲੀ ਸੰਗਤ ਦਾ ਹੌਂਸਲਾ ਬੁਲੰਦ ਰਹੇ।

- ਅਮਰੀਕਾ ਦੀ ਸੰਗਤ ਇਹ ਐਲਾਨ ਕਰਦੀ ਹੈ ਕਿ ਜਿਹੜੇ ਬਾਲੀਵੁੱਡ ਕਲਾਕਾਰਾਂ ਤੇ ਭਾਰਤੀ ਖਿਡਾਰੀਆਂ ਨੇ ਆਪਣੇ ਜ਼ਮੀਰ ਗਿਰਵੀ ਰੱਖ ਕੇ ਦੇਸ਼ ਦੇ ਅੰਨਦਾਤਾ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਹੈ ਅਤੇ ਜਿਹੜੇ ਅੱਗੋਂ ਵੀ ਅਜਿਹਾ ਕਰਨਗੇ, ਉਹਨਾਂ ਦਾ ਅਮਰੀਕਾ ਵਿਚ ਹਰ ਜਗ੍ਹਾ 'ਤੇ ਬਾਈਕਾਟ ਕੀਤਾ ਜਾਵੇਗਾ। ਇਸ ਦੇ ਇਲਾਵਾ ਜੇਕਰ ਕਿਸੇ ਪ੍ਰਮੋਟਰ ਨੇ ਅਮਰੀਕਾ ਦੀ ਧਰਤੀ 'ਤੇ ਉਹਨਾਂ ਦਾ ਸਾਥ ਦਿੱਤਾ ਤਾਂ ਉਸ ਦਾ ਵੀ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।

-. ਅਸੀਂ ਜੱਥੇਬੰਦੀਆਂ ਦੀ ਹਰ ਪੱਖੋਂ ਉਦੋਂ ਤੱਕ ਮਦਦ ਕਰਦੇ ਰਹਾਂਗੇ, ਜਦੋਂ ਤੱਕ ਤਿੰਨੇ ਬਿੱਲ ਵਾਪਸ ਨਹੀਂ ਲਏ ਜਾਂਦੇ ਅਤੇ ਬਾਕੀ ਮੰਗਾਂ ਵੀ ਪੂਰੀਆਂ ਨਹੀਂ ਹੁੰਦੀਆਂ।

ਨੋਟ- ਸਿੱਖ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੀ ਹਮਾਇਤ 'ਚ ਵਿਸ਼ੇਸ਼ ਬੈਠਕ, ਲਈ ਗਏ ਅਹਿਮ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News