ਅਮਰੀਕਾ : ਪੰਜਾਬੀ ਸਟੋਰ ਮਾਲਕ ਸਤਨਾਮ ਸਿੰਘ ਦਾ ਗੋਲੀ ਮਾਰ ਕੇ ਕਤਲ

3/5/2021 10:22:25 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਓਗਡੇਨ, ਯੂਟਾ ਵਿੱਚ ਪੰਜਾਬੀ ਸਟੋਰ ਮਾਲਕ ਨੂੰ ਐਤਵਾਰ ਰਾਤ ਨੂੰ ਕੰਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਪਰ ਗਰੋਸਰੀਜ, ਜੋ ਕਿ 675 ਨੌਰਥ ਮਾਨਰੇ ਬੁਲੇਵਾਰਡ ਤੇ ਸਥਿਤ ਹੈ, ‘ਤੇ ਐਤਵਾਰ ਰਾਤੀ 11.50 ਵਜੇ ਇੱਕ ਹੱਤਿਆਰਾ ਸਟੋਰ ਵਿਚ ਦਾਖਲ ਹੋਇਆ ਅਤੇ ਮਾਲਕ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ। ਪੁਲਸ ਨੇ ਕਿਹਾ ਕਿ ਸੰਖੇਪ ਗੱਲਬਾਤ ਤੋਂ ਬਾਅਦ, ਸ਼ੱਕੀ ਵਿਅਕਤੀ ਨੇ ਕਥਿਤ ਤੌਰ 'ਤੇ 65 ਸਾਲਾ ਪੀੜਤ ‘ਤੇ ਪਿਸਤੌਲ ਤਾਣ ਕੇ ਫ਼ਾਇਰ ਕਰ ਦਿੱਤਾ, ਜਿਸ ਕਾਰਣ ਸਟੋਰ ਮਾਲਕ ਸਤਿਨਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਸਥਾਨਿਕ ਵਸਨੀਕ ਬੋਨੀ ਐਡਮਜ਼ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਸਵ. ਸਤਨਾਮ ਸਿੰਘ ਇੱਕ ਅਜਿਹਾ ਕਮਿਊਨਿਟੀ ਦਾ ਪਿੱਲਰ ਸੀ, ਜੋ ਹਰ ਵਕਤ ਹਰ ਕਿਸੇ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਸੀ। ਸਟੋਰ ਸਰਵੇਲੈਂਸ ਕੈਮਰੇ ਵਿੱਚ  ਸ਼ੱਕੀ ਵਿਅਕਤੀ ਨੂੰ ਆਖਰੀ ਵਾਰ ਨੀਲੇ ਸਰਜੀਕਲ ਮਾਸਕ, ਸਲੇਟੀ ਓਕਲੈਂਡ ਰੇਡਰਜ਼ ਹੁੱਡੀ, ਕਾਲੇ ਦਸਤਾਨੇ, ਕਾਲੇ ਪਜਾਮੇਂ  (ਖੱਬੀ ਲੱਤ ਉੱਤੇ ਚਿੱਟੇ ਅੱਖਰ ਵਾਲਾ) ਅਤੇ ਕਾਲੇ ਰੰਗ ਦੇ ਜੁੱਤੇ ਪਹਿਨੇ ਵੇਖੇ ਗਏ ਸਨ। ਕਤਲ ਕਰਨ ਮਗਰੋਂ ਉਹ ਸਟੋਰ ਦੀ ਪਾਰਕਿੰਗ ਦੇ ਉੱਤਰ ਪੱਛਮ ਵੱਲ ਭੱਜ ਗਿਆ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਸਿੱਖ ਸਮੂਹ 'ਤੇ ਹਮਲਾ, ਖੇਤੀ ਕਾਨੂੰਨਾਂ ਸਬੰਧੀ ਮਤਭੇਦ ਹੋਣ ਦਾ ਖਦਸ਼ਾ

ਮੰਗਲਵਾਰ ਨੂੰ, ਓਗਡੇਨ ਪੁਲਸ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਸੋਮਵਾਰ ਦੀ ਰਾਤ ਨੂੰ ਸਿੰਘ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਸਿੰਘ ਦੇ ਸਨਮਾਨ ਵਿੱਚ ਇੱਕ ਗਲੀ ਦਾ ਨਾਮ ਬਦਲਣ ਦੀ ਮੰਗ ਵਾਲੀ ਇੱਕ ਪਟੀਸ਼ਨ ਉੱਤੇ 1000 ਤੋਂ ਵੱਧ ਦਸਤਖ਼ਤ ਇਕੱਠੇ ਹੋਏ ਹਨ। ਇਸ ਮੌਕੇ ਲੋਕਲ ਵਸਨੀਕਾਂ ਦੇ ਅੱਖਾਂ ਵਿੱਚ ਅੱਥਰੂ ਸਨ ਅਤੇ ਲੋਕ ਕਹਿ ਰਹੇ ਸਨ ਕਿ ਸਿੰਘ ਸਾਡੀ ਕਮਿਊਨਿਟੀ ਦਾ ਥੰਮ੍ਹ ਅਤੇ ਨਿਰਸਵਾਰਥ ਵਿਅਕਤੀ ਸੀ, ਜਿਸਨੂੰ ਕਾਤਲ ਨੇ ਦੁਖਦਾਈ ਢੰਗ ਨਾਲ ਉਸ ਦੇ ਪਰਿਵਾਰ ਅਤੇ ਦੋਸਤਾਂ ਤੋਂ ਖੋਹ ਲਿਆ। ਗੋਲੀਬਾਰੀ ਦੀ ਜਾਂਚ ਜਾਰੀ ਹੈ, ਪੁਲਸ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਇਸ ਘਟਨਾਂ ਸਬੰਧੀ ਕੋਈ ਜਾਣਕਾਰੀ ਰੱਖਦਾ ਹੈ ਤਾਂ ਕਿਰਪਾ ਕਰਕੇ ਓਗਡੇਨ ਸਿਟੀ ਪੁਲਸ ਨਾਲ 801-629-8228 'ਤੇ ਸੰਪਰਕ ਕਰੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor Vandana