ਅਮਰੀਕਾ : ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ 'ਕਬੱਡੀ ਕੱਪ' 3 ਜੁਲਾਈ ਨੂੰ
Wednesday, Jun 29, 2022 - 12:49 PM (IST)
ਨਿਊਯਾਰਕ/ਸ਼ਿਕਾਗੋ (ਰਾਜ ਗੋਗਨਾ): ਸਥਾਨਕ ਖੇਡ ਤੇ ਸਭਿਆਚਾਰਕ ਸੰਸਥਾ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ 'ਕਬੱਡੀ ਕੱਪ' 3 ਜੁਲਾਈ 2022 (ਐਤਵਾਰ) ਨੂੰ ਐਲਕ ਗਰੋਵ ਵਿਲੇਜ ਦੇ ਬਸੀ ਵੁਡਜ਼ ਫਾਰੈਸਟ ਪ੍ਰੀਜ਼ਰਵ ਵਿੱਚ ਹੋਵੇਗਾ। ਨਾਮੀ ਕਬੱਡੀ ਟੀਮਾਂ ਦੇ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ ਦੇ ਮੁਕਾਬਲੇ ਵੀ ਹੋਣਗੇ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਤੇ ਹੌਂਸਲਾ ਅਫਜ਼ਾਈ ਵਜੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਮੇਲੀਆਂ ਦਾ ਮਨੋਰੰਜਨ ਕਰਨ ਲਈ ਗਾਇਕ ਅੰਮ੍ਰਿਤ ਮਾਨ ਤੇ ਸਤਵਿੰਦਰ ਸੱਤੀ ਗੀਤਾਂ ਦੀ ਛਹਿਬਰ ਲਾਉਣਗੇ। ਕਲੱਬ ਦੇ ਪ੍ਰਧਾਨ ਬਲਜੀਤ ਸਿੰਘ (ਮੰਗੀ) ਟਿਵਾਣਾ ਅਤੇ ਮੀਤ ਪ੍ਰਧਾਨ ਦੀਪਇੰਦਰ ਸਿੰਘ (ਦੀਪਾ) ਵਿਰਕ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਮੁਤਾਬਕ ਕਬੱਡੀ ਮੇਲੇ ਲਈ ਖੇਡ ਪ੍ਰੇਮੀਆਂ, ਸਪਾਂਸਰਾਂ ਤੇ ਹੋਰਨਾਂ ਸਭਾ-ਸੁਸਾਇਟੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਲੋਕਾਂ ਲਈ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ ਅਤੇ ਪਾਰਕਿੰਗ ਲਈ ਵੀ ਕੋਈ ਫੀਸ ਵਗੈਰਾ ਨਹੀਂ ਹੈ। ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ 'ਫੰਡ ਰੇਜ਼ਿੰਗ' (ਤਸਵੀਰਾਂ)
ਪ੍ਰਬੰਧਕਾਂ ਅਨੁਸਾਰ ਲੋਕ ਪਰਿਵਾਰਾਂ ਸਮੇਤ ਪਹੁੰਚਣਗੇ ਅਤੇ ਮੇਲੇ ਦਾ ਪੂਰਾ ਅਨੰਦ ਮਾਣਨਗੇ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਸ਼ਿਕਾਗੋ ਵਿੱਚ ਸਾਲ 2020 ਅਤੇ 2021 ਦੌਰਾਨ ਕੋਈ ਕਬੱਡੀ ਮੇਲਾ ਨਹੀਂ ਸੀ ਹੋ ਸਕਿਆ। ਲੋਕਾਂ ਵਿਚ ਇਹ ਚਰਚਾ ਸੀ ਕਿ ਹੁਣ ਇਥੇ ਕੋਈ ਕਬੱਡੀ ਮੇਲਾ ਕਦੋਂ ਹੋਵੇਗਾ! ਦੋ ਸਾਲਾਂ ਦੇ ਵਕਫੇ ਮਗਰੋਂ ਹੋਣ ਜਾ ਰਹੇ ਇਸ ਕਬੱਡੀ ਮੇਲੇ ਪ੍ਰਤੀ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿਕਾਗੋ ਵਿਚ ਹੁੰਦੇ ਰਹੇ ਕਬੱਡੀ ਮੇਲਿਆਂ ਵਿਚ ਇਕੱਲੇ ਸ਼ਿਕਾਗੋਲੈਂਡ ਤੋਂ ਹੀ ਨਹੀਂ, ਸਗੋਂ ਨੇੜਲੀਆਂ ਹੋਰਨਾਂ ਸਟੇਟਾਂ ਅਤੇ ਕੈਨੇਡਾ ਤੋਂ ਵੀ ਲੋਕ ਹੁੰਮ-ਹੁੰਮਾ ਕੇ ਪਹੁੰਚਦੇ ਰਹੇ ਹਨ। ਪੂਰੇ ਅਮਰੀਕਾ-ਕੈਨੇਡਾ ਵਿਚ ਹੁੰਦੇ ਕਬੱਡੀ ਮੇਲਿਆਂ ਵਿਚ ਸ਼ਿਕਾਗੋ ਕਬੱਡੀ ਮੇਲਿਆਂ ਦਾ ਆਪਣਾ ਨਾਂ ਹੈ।
ਪ੍ਰਬੰਧਕਾਂ ਮੁਤਾਬਕ ਕਬੱਡੀ ਦਾ ਪਹਿਲਾ ਇਨਾਮ ਸਵਰਗੀ ਸਰਪੰਚ ਇੰਦਰ ਸਿੰਘ ਦੀ ਯਾਦ ਵਿਚ ਖਾਸਰੀਆ ਪਰਿਵਾਰ ਦੀ ਤਰਫੋਂ ਹਰਜਿੰਦਰ ਸਿੰਘ ਜਿੰਦੀ, ਅਰਵਿੰਦਰ ਸਿੰਘ ਬੂਟਾ ਤੇ ਭੁਪਿੰਦਰ ਸਿੰਘ ਟਿੱਕਾ ਵਲੋਂ ਦਿੱਤਾ ਜਾਵੇਗਾ, ਜਦੋਂਕਿ ਕਬੱਡੀ ਦਾ ਦੂਜਾ ਇਨਾਮ ਸਵਰਗੀ ਸੰਤੋਖ ਸਿੰਘ ਖਹਿਰਾ ਤੇ ਸਵਰਗੀ ਮੇਜਰ ਸਿੰਘ ਮੌਜੀ ਦੀ ਯਾਦ ਵਿਚ ਕ੍ਰਮਵਾਰ ਡਾ. ਹਰਜਿੰਦਰ ਸਿੰਘ ਖਹਿਰਾ, ਮੁਖਤਿਆਰ ਸਿੰਘ (ਹੈਪੀ) ਹੀਰ ਤੇ ਜਸਕਰਨ ਸਿੰਘ ਧਾਲੀਵਾਲ ਵਲੋਂ ਦਿੱਤਾ ਜਾਵੇਗਾ। ਕਬੱਡੀ ਦੇ ਤੀਜੇ ਇਨਾਮ ਦੇ ਸਪਾਂਸਰ ਤੂਰ ਤੇ ਭਾਰਦਵਾਜ ਪਰਿਵਾਰ ਹਨ ਅਤੇ ਚੌਥੀ ਟੀਮ ਦੇ ਸਪਾਂਸਰ ਧਾਮੀ ਟਰਾਂਸਪੋਰਟ ਵਾਲੇ ਹਨ। ਵਾਲੀਬਾਲ ਦੇ ਇਨਾਮ ਢੀਂਡਸਾ ਪਰਿਵਾਰ ਦੀ ਤਰਫੋਂ ਸਵਰਗੀ ਮਿਹਰ ਸਿੰਘ ਢੀਂਡਸਾ ਦੀ ਯਾਦ ਵਿਚ ਮੁੱਖ ਮਹਿਮਾਨ ਅਮਰਜੀਤ ਸਿੰਘ ਢੀਂਡਸਾ ਤੇ ਚੇਅਰਮੈਨ ਲਖਬੀਰ ਸਿੰਘ ਢੀਂਡਸਾ ਵਲੋਂ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਮੰਗੀ ਟਿਵਾਣਾ ਨਾਲ ਫੋਨ: 773-469-9384 ਅਤੇ ਮੀਤ ਪ੍ਰਧਾਨ ਦੀਪਾ ਵਿਰਕ ਨਾਲ ਫੋਨ: 847-668-8688 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।