ਏਸ਼ੀਅਨ ਅਮਰੀਕੀ ਭਾਈਚਾਰੇ ਦੀ ਸੁਰੱਖਿਆ ਲਈ ਪੁਲਸ ਵਲੋਂ ਦੁਆਰਾ ਵਧਾਈ ਜਾਵੇਗੀ ਗਸ਼ਤ
Saturday, Mar 20, 2021 - 12:13 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਐਟਲਾਂਟਾ ਵਿਚ ਤਿੰਨ ਮਸਾਜ ਸੈਂਟਰਾਂ 'ਤੇ ਇਕ ਬੰਦੂਕਧਾਰੀ ਵਲੋਂ ਗੋਲੀਬਾਰੀ ਕਰ ਕੇ ਅੱਠ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਜਿਨ੍ਹਾਂ ਵਿਚੋਂ ਬਹੁਤੀਆਂ ਏਸ਼ੀਆਈ ਮੂਲ ਦੀਆਂ ਔਰਤਾਂ ਸਨ। ਦੇਸ਼ ਵਿਚ ਏਸ਼ੀਅਨ ਭਾਈਚਾਰੇ ਉੱਪਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ, ਅਮਰੀਕਾ ਦੀ ਪੁਲਸ ਦੁਆਰਾ ਏਸ਼ੀਅਨ ਅਮਰੀਕੀ ਭਾਈਚਾਰਿਆਂ ਵਿਚ ਸੁਰੱਖਿਆ ਕਾਰਨਾਂ ਕਰਕੇ ਗਸ਼ਤ ਵਧਾਈ ਜਾ ਰਹੀ ਹੈ। ਐਟਲਾਟਾਂ ਵਿਚਲੀ ਗੋਲੀਬਾਰੀ ਦੇ ਸੰਬੰਧ ਵਿਚ ਚੈਰੋਕੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਹਮਲੇ ਦੇ ਸ਼ੱਕੀ, 21 ਸਾਲਾ ਰਾਬਰਟ ਲੋਂਗ ਨੂੰ ਗੋਲੀਬਾਰੀ ਤੋਂ ਕੁਝ ਘੰਟਿਆਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਸ ਨੇ ਇਸ ਕਤਲੇਆਮ ਵਿਚ ਆਪਣੀ ਭੂਮਿਕਾ ਨੂੰ ਮੰਨਿਆ।
ਇਹ ਕਤਲੇਆਮ ਏਸ਼ੀਆਈ ਵਿਰੋਧੀ ਅਮਰੀਕੀ ਨਫ਼ਰਤ ਦੇ ਅਪਰਾਧਾਂ ਦੇ ਵਧਣ ਦੇ ਕਾਰਨ ਹੋਇਆ ਅਤੇ ਨਿਊਯਾਰਕ ਪੁਲਸ ਵਿਭਾਗ ਨੇ ਦੱਸਿਆ ਕਿ ਏਸ਼ੀਅਨ ਭਾਈਚਾਰਿਆਂ ਨੂੰ ਸੁਰੱਖਿਅਤ ਕਰਨ ਲਈ ਪੁਲਸ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਿਕਾਗੋ ਵਿਚ ਵੀ ਏਸ਼ੀਅਨ ਅਮੈਰੀਕਨ ਅਤੇ ਪੈਸੀਫਿਕ ਆਈਲੈਂਡਰ ਭਾਈਚਾਰਿਆਂ ਵਿਚ ਪੁਲਸ ਦੀ ਗਸ਼ਤ ਵਧਾਈ ਜਾਵੇਗੀ। ਐਟਲਾਂਟਾ ਪੁਲਸ ਨੇ ਵੀ ਖੇਤਰ ਵਿਚਲੇ ਇਲਾਕਿਆਂ ਵਿਚ ਗਸ਼ਤ ਵਧਾ ਦਿੱਤੀ ਹੈ ਅਤੇ ਇਸ ਗੋਲੀਬਾਰੀ ਦੇ ਮੱਦੇਨਜ਼ਰ ਏਸ਼ੀਆਈ ਕਾਰੋਬਾਰਾਂ ਅਤੇ ਇਸ ਦੇ ਨੇੜੇ-ਤੇੜੇ ਵੀ ਵਾਧੂ ਗਸ਼ਤ ਮੁਹੱਈਆ ਕਰਵਾਈ ਜਾ ਰਹੀ ਹੈ।