ਲੁਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਾਇਲਟ ਗ੍ਰਿਫਤਾਰ, ਯਾਤਰੀ ਹੋਏ ਹੈਰਾਨ

Monday, May 13, 2019 - 12:56 PM (IST)

ਲੁਇਸਵਿਲੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਾਇਲਟ ਗ੍ਰਿਫਤਾਰ, ਯਾਤਰੀ ਹੋਏ ਹੈਰਾਨ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਲੁਇਸਵਲੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਪਾਇਲਟ ਨੂੰ 3 ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਮੇਂ ਪਾਇਲਟ ਦੀ ਗ੍ਰਿਫਤਾਰੀ ਹੋਈ ਉਸ ਸਮੇਂ ਯਾਤਰੀ ਜਹਾਜ਼ ਵਿਚ ਸਵਾਰ ਹੋਣ ਦੀ ਉਡੀਕ ਵਿਚ ਸਨ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਾ ਸ਼ਾਇਦ ਪਾਇਲਟ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਸੱਚ ਜਾਣ ਕੇ ਉਹ ਵੀ ਹੈਰਾਨ ਰਹਿ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਪਾਇਲਟ ਰਿਚਰਡ ਮਾਰਟੀਨ (51) ਨੂੰ 3 ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਕੈਂਟਕੀ ਦੇ ਅਟਾਰਨੀ ਜਨਰਲ ਐਂਡੀ ਬੇਸ਼ੀਅਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਰਟੀਨ 3 ਲੋਕਾਂ ਕਾਲਵਿਨ, ਪਮੇਲਾ ਫਿਲੀਪਸ ਅਤੇ ਐਡਵਰਡ ਦੀਆਂ ਹੱਤਿਆਵਾਂ ਵਿਚ ਸ਼ਾਮਲ ਸੀ। ਇਹ ਸਾਰੇ 2015 ਵਿਚ ਕੈਂਟਕੀ ਦੇ ਪੇਂਬਰੋਕ ਵਿਚ ਮ੍ਰਿਤਕ ਪਾਏ ਗਏ ਸਨ। 

ਮਾਰਟੀਨ ਪੀ.ਐੱਸ.ਏ. ਏਅਰਲਾਈਨਜ਼ ਵਿਚ ਪਾਇਲਟ ਹੈ ਜਿਸ 'ਤੇ ਤਿੰਨ ਹੱਤਿਆਵਾਂ ਦੇ ਇਲਾਵਾ ਚੋਰੀ, ਅੱਗਜਨੀ ਅਤੇ ਛੇੜਛਾੜ ਕਰਨ ਦਾ ਵੀ ਦੋਸ਼ ਹੈ। ਪੀ.ਐੱਸ.ਏ. ਏਅਰਲਾਈਨਜ਼ ਅਮਰੀਕੀ ਏਅਰਲਾਈਨਜ਼ ਦੀ ਸਹਿਯੋਗੀ ਹੈ। ਅਮਰੀਕੀ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਮਾਰਟੀਨ 'ਤੇ ਲੱਗੇ ਕਥਿਤ ਦੋਸ਼ਾਂ ਦੇ ਬਾਰੇ ਵਿਚ ਜਾਣ ਕੇ ਦੁਖੀ ਹੈ। ਮਾਰਟੀਨ ਜਨਵਰੀ 2018 ਤੋਂ ਪੀ.ਐੱਸ.ਏ. ਏਅਰਲਾਈਨਜ਼ ਨਾਲ ਕੰਮ ਕਰ ਰਿਹਾ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਤਾਇਨਾਤੀ ਸਮੇਂ ਦੋਸ਼ੀ ਪਾਇਲਟ ਦੀ ਪਿੱਠਭੂਮੀ ਦੀ ਜਾਂਚ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਮਿਲੀ।


author

Vandana

Content Editor

Related News