ਦੇਸ਼ ''ਚ ਵੱਧ ਪਾਜ਼ੇਟਿਵ ਮਾਮਲੇ ਆਉਣਾ ਮਤਲਬ ''ਮਾਣ ਦੀ ਗੱਲ'' : ਟਰੰਪ (ਵੀਡੀਓ)
Wednesday, May 20, 2020 - 06:00 PM (IST)

ਵਾਸ਼ਿੰਗਟਨ (ਬਿਊਰੋ):: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਬਿਆਨਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ ਦਿੱਤੇ ਆਪਣੇ ਇਕ ਬਿਆਨ ਕਾਰਨ ਟਰੰਪ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਅਸਲ ਵਿਚ ਟਰੰਪ ਨੇ ਦੇਸ਼ ਵਿਚ ਕੋਰੋਨਾ ਪੀੜਤ ਲੋਕਾਂ ਦੀ ਵੱਧ ਗਿਣਤੀ ਨੂੰ 'ਮਾਣ ਦੀ ਗੱਲ' ਦੱਸਿਆ ਹੈ। ਦੀ ਗਾਰਡੀਅਨ ਡਾਟ ਕਾਮ ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਕਿਹਾ,''ਦੁਨੀਆ ਵਿਚ ਕੋਰੋਨਾ ਪਾਜ਼ੇਟਿਵਾਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿਚ ਹੋਣਾ 'ਬੈਜ ਆਫ ਆਨਰ' ਹੈ।'' ਉਹਨਾਂ ਨੇ ਅੱਗੇ ਕਿਹਾ,''ਮੈਂ ਕੁਝ ਹੱਦ ਤੱਕ ਇਸ ਨੂੰ ਇੰਝ ਦੇਖਦਾ ਹਾਂ ਕਿ ਇਹ ਇਕ ਚੰਗੀ ਚੀਜ਼ ਹੈ। ਇਸ ਦਾ ਮਤਲਬ ਹੈ ਕਿ ਸਾਡੀ ਟੈਸਟਿੰਗ ਕਾਫੀ ਵਧੀਆ ਹੈ।''
ਵ੍ਹਾਈਟ ਹਾਊਸ ਵਿਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ,''ਫਿਲਹਾਲ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਰੋਨਾ ਦੇ ਮਾਮਲੇ ਵਿਚ ਦੁਨੀਆ ਤੋਂ ਸਭ ਤੋਂ ਅੱਗੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਕੋਲ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਟੈਸਟਿੰਗ ਸਹੂਲਤਾਂ ਹਨ।'' ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਮਹਾਮਾਰੀ ਫੈਲਣ ਦੇ ਬਾਅਦ ਟਰੰਪ ਨੇ ਪਹਿਲੀ ਵਾਰ ਵ੍ਹਾਈਟ ਹਾਊਸ ਵਿਚ ਕੈਬਨਿਟ ਮੀਟਿੰਗ ਵੀ ਆਯੋਜਿਤ ਕੀਤੀ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ 24 ਘੰਟਿਆਂ ਦੌਰਾਨ 1500 ਲੋਕਾਂ ਦੀ ਮੌਤ ਹੋਈ ਹੈ। ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 93,533 ਹੋ ਗਈ ਹੈ ਜਦਕਿ 1,570,583 ਲੋਕ ਪੀੜਤ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਨੇ ਯਾਦ ਦਿਵਾਇਆ 1918 ਦਾ ਭਿਆਨਕ ਇਤਿਹਾਸ, ਕੀ ਭਾਰੀ ਪਵੇਗੀ ਲਾਕਡਾਊਨ 4 'ਚ ਮਿਲੀ ਛੋਟ?
ਕੋਰੋਨਾ 'ਤੇ ਪਹਿਲਾਂ ਵੀ ਕਈ ਵਿਵਾਦਮਈ ਬਿਆਨ ਦੇ ਚੁੱਕੇ ਟਰੰਪ ਨੇ ਕਿਹਾ,''ਜਦੋਂ ਸਾਡੇ ਕੋਲ ਕਾਫੀ ਮਾਮਲੇ ਹਨ। ਮੈਂ ਇਸ ਨੂੰ ਬੁਰੀ ਚੀਜ਼ ਦੇ ਤੌਰ 'ਤੇ ਨਹੀਂ ਦੇਖਦਾ। ਮੈਂ ਇਸ ਨੂੰ ਇਕ ਹੱਦ ਤੱਕ ਵਧੀਆ ਮੰਨਦਾ ਹਾਂ ਕਿ ਸਾਡੀ ਟੈਸਟਿੰਗ ਕਾਫੀ ਚੰਗੀ ਹੈ।'' ਟਰੰਪ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਪੇਸ਼ੇਵਰ ਲੋਕਾਂ ਨੇ ਜਿਹੜਾ ਕੰਮ ਕੀਤਾ ਹੈ ਅਤੇ ਟੈਸਟਿੰਗ ਕੀਤੀ ਹੈ ਉਹਨਾਂ ਲਈ ਇਹ ਇਕ ਵੱਡੀ ਸ਼ਰਧਾਂਜਲੀ ਹੈ। ਅਮਰੀਕਾ ਦੇ ਸੈਂਟਰ ਫੌਰ ਡਿਜੀਜ਼ ਕੰਟਰੋਲ ਦੇ ਮੁਤਾਬਕ ਮੰਗਲਵਾਰ ਤੱਕ ਅਮਰੀਕਾ ਨੇ 1 ਕਰੋੜ 26 ਲੱਖ ਕੋਰੋਨਾ ਟੈਸਟ ਕੀਤੇ ਹਨ। ਕੁੱਲ ਟੈਸਟਾਂ ਦੀ ਗੱਲ ਕਰੀਏ ਤਾਂ ਅਮਰੀਕਾ ਨੇ ਦੁਨੀਆ ਵਿਚ ਸਭ ਤੋਂ ਵੱਧ ਟੈਸਟਿੰਗ ਜ਼ਰੂਰ ਕੀਤੀ ਹੈ ਪਰ ਆਕਸਫੋਰਡ ਯੂਨੀਵਰਸਿਟੀ ਦੇ Our World in Data ਦੇ ਮੁਤਾਬਕ 'ਪਰ ਕੇਪਿਟਾ ਬੇਸਿਸ' 'ਤੇ ਉਹ ਦੁਨੀਆ ਵਿਚ ਪਹਿਲੇ ਸਥਾਨ 'ਤੇ ਨਹੀਂ ਹੈ।ਆਕਸਫੋਰਡ ਯੂਨੀਵਰਸਿਟੀ ਦੇ Our World in Data ਦੇ ਚਾਰਟ ਵਿਚ ਪ੍ਰਤੀ ਹਜ਼ਾਰ ਵਿਅਕਤੀ ਕੀਤੇ ਗਏ ਟੈਸਟ ਵਿਚ ਅਮਰੀਕਾ 16ਵੇਂ ਨੰਬਰ 'ਤੇ ਹੈ। ਆਈਸਲੈਂਡ, ਨਿਊਜ਼ੀਲੈਂਡ, ਕੈਨੇਡਾ ਪ੍ਰਤੀ ਹਜ਼ਾਰ ਵਿਅਕਤੀ 'ਤੇ ਕੁੱਲ ਟੈਸਟ ਦੇ ਮਾਮਲੇ ਵਿਚ ਅਮਰੀਕਾ ਤੋਂ ਅੱਗੇ ਹਨ।