ਅਮਰੀਕਾ ''ਚ ਕੋਰੋਨਾ ਦਾ ਪ੍ਰਕੋਪ, ਵਾਇਰਸ ਦੇ ਮਾਮਲਿਆਂ ''ਚ ਹੋਇਆ ਰਿਕਾਰਡ ਵਾਧਾ
Sunday, Oct 25, 2020 - 12:18 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਕੋਰੋਨਾ ਵਾਇਰਸ ਨੂੰ ਚਲਦਿਆਂ ਤਕਰੀਬਨ ਇੱਕ ਸਾਲ ਸਮਾਂ ਹੋਣ ਦੇ ਨੇੜੇ ਹੈ। ਇੰਨਾ ਵਕਤ ਬੀਤ ਜਾਣ 'ਤੇ ਵੀ ਇਸ ਦੇ ਮਾਮਲਿਆਂ ਦਾ ਸਿਲਸਿਲਾ ਘੱਟ ਨਹੀਂ ਹੋ ਰਿਹਾ ਹੈ।
ਕੋਵਿਡ ਟਰੈਕਿੰਗ ਪ੍ਰੋਜੈਕਟ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਨੇ ਸ਼ੁੱਕਰਵਾਰ ਨੂੰ 83,010 ਨਵੇਂ ਕੋਰੋਨਾਂ ਵਾਇਰਸ ਲਾਗ ਦੇ ਕੇਸ ਦਰਜ ਕੀਤੇ ਹਨ। ਇਹ ਪ੍ਰਤੀ ਦਿਨ ਵੱਧ ਰਹੇ ਮਾਮਲਿਆਂ ਵਿਚ ਇਕ ਰਿਕਾਰਡ ਵਾਧਾ ਹੈ। ਪਿਛਲੇ ਦੋ ਹਫ਼ਤਿਆਂ ਵਿਚ ਤਕਰੀਬਨ 20 ਪ੍ਰਤੀਸ਼ਤ ਵਾਧੇ ਨਾਲ ਵਾਇਰਸ ਨਾਲ ਪ੍ਰਭਾਵਿਤ 41,000 ਤੋਂ ਵੱਧ ਲੋਕ ਹਸਪਤਾਲ ਵਿਚ ਦਾਖਲ ਹੋਏ ਹਨ, ਜਦੋਂ ਕਿ ਮੌਤਾਂ ਵੀ ਇਕ ਵਾਰ ਫਿਰ ਤੋਂ ਵਧੀਆਂ ਹਨ ਜੋ ਕਿ 800 ਪ੍ਰਤੀ ਦਿਨ ਦਰਜ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਨਤਕ ਸਿਹਤ ਮਾਹਰਾਂ ਦੀ ਚਿਤਾਵਨੀ ਦਿੱਤੀ ਹੈ ਕਿ ਤਾਪਮਾਨ ਦੀ ਗਿਰਾਵਟ ਕਾਰਨ ਸਰਦੀਆਂ ਦੇ ਦੌਰਾਨ ਨਵੀਆਂ ਮਾਮਲਿਆਂ ਦੀ ਗਿਣਤੀ ਵਧਦੀ ਰਹੇਗੀ।
ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿਆਪੀ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 8.3 ਮਿਲੀਅਨ ਅਮਰੀਕੀ ਵਾਇਰਸ ਕਾਰਨ ਸੰਕਰਮਿਤ ਹੋਏ ਹਨ ਅਤੇ ਲਗਭਗ 2,25,000 ਦੀ ਮੌਤ ਹੋ ਗਈ ਹੈ। ਇਸ ਸੰਸਥਾ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਅਤੇ ਹੋਰ ਸਰਕਾਰੀ ਸਿਹਤ ਮਾਹਰਾਂ ਨੇ ਅਮਰੀਕੀਆਂ ਨੂੰ ਇਸ ਮਾਰੂ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਹੱਥ ਧੋਣ ਲਈ ਵੀ ਪ੍ਰੇਰਿਆ ਹੈ।