ਅਮਰੀਕਾ 'ਚ ਕੋਰੋਨਾ ਦਾ ਕਹਿਰ, ਹੁਣ ਤੱਕ 1.27 ਲੱਖ ਲੋਕਾਂ ਦੀਆਂ ਗਈਆਂ ਜਾਨਾਂ
Wednesday, Jul 01, 2020 - 11:19 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਪ੍ਰਕੋਪ ਮਚਾਇਆ ਹੈ, ਜਿਸ ਕਾਰਨ 1.27 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਹੁਣ ਤੱਕ 26 ਲੱਖ ਤੋਂ ਵੱਧ ਲੋਕ ਇਸ ਲਾਗ ਦੀ ਬਿਮਰੀ ਕਾਰਨ ਪ੍ਰਭਾਵਿਤ ਹੋ ਚੁੱਕੇ ਹਨ। ਜੌਹਨ ਹਾਪਿੰਕਸ ਯੂਨੀਵਰਸਿਟੀ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਕੇ 1,27,322 ਹੋ ਗਈ ਹੈ, ਜਦੋਂ ਕਿ ਪੀੜਤਾਂ ਦੀ ਗਿਣਤੀ 26,29,372 ਹੋ ਗਈ ਹੈ।
ਰਾਹਤ ਦੀ ਗੱਲ ਇਹ ਹੈ ਕਿ ਅਮਰੀਕਾ ਵਿਚ 7 ਲੱਖ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਅਮਰੀਕਾ ਦਾ ਨਿਊਯਾਰਕ ਅਤੇ ਨਿਊਜਰਸੀ ਸੂਬਾ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੈ। ਇਕੱਲੇ ਨਿਊਯਾਰਕ ਵਿਚ ਕੋਰੋਨਾ ਦੇ 5 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 32 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜਰਸੀ ਵਿਚ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਸ ਵਾਇਰਸ ਨਾਲ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਮੈਸਾਚੁਸੇਟਸ, ਮਿਸ਼ੀਗਨ, ਇਲੀਨੋਇਸ, ਕੈਲੀਫੋਰਨੀਆ ਅਤੇ ਪੈਨਸਿਲਵੇਨੀਆ ਵਰਗੇ ਸੂਬਿਆਂ ਵਿਚ ਵੀ ਲੋਕ ਕੋਵਿਡ-19 ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਹਨ। ਕੋਰੋਨਾ ਕਾਰਨ ਇਨ੍ਹਾਂ ਸਾਰੇ ਸੂਬਿਆਂ ਵਿਚ ਛੇ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।