ਟਰੰਪ ਪ੍ਰਸ਼ਾਸਨ ਵੱਲੋਂ H-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਫਿਲਹਾਲ ਤੈਅ ਨਹੀਂ

06/18/2019 9:46:17 AM

ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਲਈ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਰੱਦ ਕਰਨ ਦੇ ਫੈਸਲੇ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਹੈ। ਕਿਉਂਕਿ ਇਸ ਸਬੰਧ ਵਿਚ ਨਿਯਮ ਨਿਰਧਾਰਨ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਚ-4 ਵੀਜ਼ਾ ਐੱਚ-1 ਵੀਜ਼ਾ ਧਾਰਕਾਂ ਦੇ ਪਤੀ-ਪਤਨੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਉੱਚ ਕੌਸ਼ਲ ਵਾਲੇ ਪੇਸ਼ੇਵਰ ਐੱਚ-1ਬੀ ਵੀਜ਼ਾ ਧਾਰਕਾਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ।

ਇਕ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ.ਐੱਸ.ਸੀ.ਆਈ.ਐੱਸ.) ਸਾਰੇ ਰੋਜ਼ਗਾਰ ਆਧਾਰਿਤ ਵੀਜ਼ਾ ਪ੍ਰੋਗਰਾਮਾਂ ਦੀ ਸਮੀਖਿਆ ਕਰ ਰਿਹਾ ਹੈ। ਜਿਸ ਵਿਚ ਐੱਚ-4 ਵੀਜ਼ਾ ਜਾਂ ਕੰਮ ਕਰਨ ਦੀ ਇਜਾਜ਼ਤ ਦੇਣ ਵਾਲਾ ਕਾਰਡ ਸ਼ਾਮਲ ਹੈ। ਓਬਾਮਾ ਪ੍ਰਸ਼ਾਸਨ ਵਿਚ ਕੁਝ ਐੱਚ-4 ਵੀਜ਼ਾ ਧਾਰਕਾਂ ਨੂੰ ਨੌਕਰੀ ਕਰਨ ਦੀ ਇਜਾਜ਼ਤ ਪ੍ਰਾਪਤ ਸੀ। ਸੱਤਾ ਵਿਚ ਆਉਣ ਦੇ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਦੀ ਅਜਿਹੇ ਨਿਯਮ ਨੂੰ ਰੱਦ ਕਰਨ ਦੀ ਯੋਜਨਾ ਹੈ। ਫਿਲਹਾਲ ਪ੍ਰਸਤਾਵਿਤ ਨਿਯਮ ਦੀ ਰਸਮੀ ਤੌਰ 'ਤੇ ਸੂਚਨਾ ਨਹੀਂ ਦਿੱਤੀ ਗਈ ਅਤੇ ਟਰੰਪ ਪ੍ਰਸ਼ਾਸਨ ਨੇ ਪਿਛਲੇ ਦੋ ਸਾਲ ਵਿਚ ਕਈ ਵਾਰ ਨੋਟੀਫਿਕੇਸ਼ਨ ਵਿਚ ਦੇਰੀ ਕੀਤੀ।


Vandana

Content Editor

Related News