ਅਮਰੀਕਾ: ਅਰਕਨਸਾਸ ਅਤੇ ਟੈਨੇਸੀ ਨੂੰ ਜੋੜਨ ਵਾਲਾ ਪੁਲ ਦੁਬਾਰਾ ਖੋਲ੍ਹਿਆ ਗਿਆ
Monday, Aug 02, 2021 - 02:55 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਦੋ ਸਟੇਟਾਂ ਨੂੰ ਜੋੜਨ ਵਾਲੇ ਕਾਫੀ ਸਮੇਂ ਤੋਂ ਬੰਦ ਕੀਤੇ ਹੋਏ ਇੱਕ ਪੁਲ ਨੂੰ ਮੁੜ ਆਵਾਜਾਈ ਲਈ ਖੋਲ੍ਹਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਅਰਕਨਸਾਸ ਅਤੇ ਟੈਨੇਸੀ ਨੂੰ ਜੋੜਨ ਵਾਲਾ ਅੰਤਰਰਾਜੀ (I-40) ਪੁਲ ਦੁਬਾਰਾ ਖੋਲ੍ਹ ਦਿੱਤਾ ਜੋ ਮਈ ਮਹੀਨੇ ਵਿੱਚ ਇਸ 'ਚ ਆਈ ਤਰੇੜ ਬਾਅਦ ਬੰਦ ਕੀਤਾ ਗਿਆ ਸੀ। ਟੈਨੇਸੀ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਅਨੁਸਾਰ, ਹਰਨੈਂਡੋ ਡੀਸੋਟੋ ਬ੍ਰਿਜ ਦੀ ਲੇਨ ਨੂੰ ਆਵਾਜਾਈ ਲਈ ਲੋਕਾਂ ਲਈ ਦੁਬਾਰਾ ਖੋਲ੍ਹਿਆ ਗਿਆ ਹੈ। ਪੁਲ ਦੀ ਈਸਟ ਬਾਉਂਡ ਲੇਨ ਪਹਿਲਾਂ ਸੋਮਵਾਰ ਨੂੰ ਖੁੱਲ੍ਹਣੀ ਸੀ, ਪਰ ਅਧਿਕਾਰੀਆਂ ਨੇ ਸਮੇਂ ਤੋਂ ਪਹਿਲਾਂ ਇਸਨੂੰ ਚਾਲੂ ਕੀਤਾ। ਜਦਕਿ ਆਵਾਜਾਈ ਵਿਭਾਗ ਨੇ ਕਿਹਾ ਹੈ ਕਿ 6 ਅਗਸਤ ਨੂੰ ਪੁਲ ਦੀਆਂ ਪੱਛਮ ਵੱਲ ਜਾਣ ਵਾਲੀਆਂ ਲੇਨਾ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਹੈ। ਮਿਸੀਸਿਪੀ ਨਦੀ ਉੱਤੇ ਬਣੇ I-40 ਪੁਲ ਨੂੰ 11 ਮਈ ਨੂੰ ਬੰਦ ਕਰ ਦਿੱਤਾ ਗਿਆ ਸੀ ਜਦੋਂ ਨਿਰੀਖਕਾਂ ਨੇ ਪੁਲ ਦੇ ਬੀਮ ਵਿੱਚੋਂ ਇੱਕ ਵਿੱਚ ਦਰਾੜ ਨੂੰ ਨੋਟਿਸ ਕੀਤਾ ਸੀ। ਅਰਕਾਨਸਾਸ ਦੇ ਇੱਕ ਆਵਾਜਾਈ ਅਧਿਕਾਰੀ ਨੇ ਦੱਸਿਆ ਕਿ ਇਸ ਪੁਲ ਦੀ ਮੁਰੰਮਤ, ਡਿਜ਼ਾਈਨ ਅਤੇ ਨਿਰੀਖਣ 'ਤੇ ਹੁਣ ਤੱਕ ਅੰਦਾਜ਼ਨ 9.5 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ ਅਤੇ ਇਸ ਲਾਗਤ ਨੂੰ ਦੋਵੇਂ ਰਾਜਾਂ ਵਿੱਚ ਵੰਡਿਆ ਜਾਵੇਗਾ।
ਇਹ ਵੀ ਪੜ੍ਹੋ- ਅਮਰੀਕਾ 'ਚ ਕਾਰ ਦੀ ਡਿੱਗੀ 'ਚ ਦੋ ਬੱਚਿਆਂ ਦੀਆਂ ਲਾਸ਼ਾਂ ਸਮੇਤ ਇੱਕ ਔਰਤ ਗ੍ਰਿਫਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।