ਅਮਰੀਕਾ ’ਚ ਤੂਫਾਨ ਇਡਾ ਕਾਰਨ ਆਏ ਹੜ੍ਹ ’ਚ ਲਾਪਤਾ 2 ਭਾਰਤੀ ਮੂਲ ਦੇ ਵਿਅਕਤੀਆਂ ਦੀ ਭਾਲ
Tuesday, Sep 07, 2021 - 01:34 PM (IST)
ਨਿਊਯਾਰਕ (ਭਾਸ਼ਾ) - ਨਿਊਜਰਸੀ ਵਿੱਚ ਤੂਫਾਨ ਇਡਾ ਕਾਰਨ ਆਏ ਹੜ੍ਹ ਵਿੱਚ ਲਾਪਤਾ ਭਾਰਤੀ ਮੂਲ ਦੇ 2 ਵਿਅਕਤੀਆਂ ਦੀ ਭਾਲ ਡ੍ਰੋਨ ਅਤੇ ਕਿਸ਼ਤੀਆਂ ਦੀ ਮਦਦ ਨਾਲ ਕਰ ਰਹੇ ਹਨ। ਇਸ ਤੂਫਾਨ ਵਿੱਚ ਅਮਰੀਕਾ ਵਿੱਚ 40 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਉਕਤ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਤੂਫਾਨ 29 ਅਗਸਤ ਨੂੰ ਪੋਰਟ ਫੋਰਚਾਨ, ਲੁਈਸਿਆਨਾ ਨਾਲ ਟਕਰਾਇਆ ਸੀ।
ਇਹ ਤੂਫਾਨ 2005 ਵਿੱਚ ਆਏ ਤੂਫਾਨ ਕੈਟਰੀਨਾ ਤੋਂ ਬਾਅਦ ਦੱਖਣ-ਪੂਰਬੀ ਸੂਬੇ ਵਿੱਚ ਆਉਣ ਵਾਲਾ ਦੂਸਰਾ ਸਭ ਤੋਂ ਖ਼ਤਰਨਾਕ ਤੂਫਾਨ ਹੈ। ਨਾਰਥਜਰਸੀ ਡਾਟ ਕਾਮ ਦੀ ਇਕ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਨਿਧੀ ਰਾਣਾ (18) ਅਤੇ ਆਯੁਸ਼ ਰਾਣਾ (21) ਨੂੰ ‘ਬੁੱਧਵਾਰ ਸ਼ਾਮ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਜਦੋਂ ਆਯੁਸ਼ ਦੀ ਕਾਰ ਹੜ੍ਹ ਦੇ ਪਾਣੀ ਵਿੱਚ ਫਸ ਗਈ ਸੀ।’ ਦੋਨੋਂ ਦੀ ਭਾਲ ਐਤਵਾਰ ਨੂੰ ਜਾਰੀ ਰਹੀ ਅਤੇ ਪੈਸੈਕ ਫਾਇਰ ਬ੍ਰਿਗੇਡ ਨੇ ਪੈਸੈਕ ਦਰਿਆ ਵਿੱਚ ਦੋਨਾਂ ਦੀ ਭਾਲ ਜਾਰੀ ਰੱਖੀ। ਇਡਾ ਤੂਫਾਨ ਤੋਂ ਬਾਅਦ ਨਿਊਯਾਰਕ ਅਤੇ ਨਿਊਜਰਸੀ ਵਿੱਚ ਆਏ ਹੜ੍ਹ ਵਿੱਚ ਭਾਰਤੀ ਮੂਲ ਦੇ 4 ਲੋਕ ਡੁੱਬ ਗਏ ਸਨ।