ਅਮਰੀਕਾ : ਧੋਖਾਧੜੀ ਮਾਮਲੇ ''ਚ ਭਾਰਤੀ ਨਾਗਰਿਕ ਨੂੰ 3 ਸਾਲ ਦੀ ਸਜ਼ਾ
Thursday, Mar 18, 2021 - 10:18 AM (IST)
ਵਾਸ਼ਿੰਗਟਨ (ਭਾਸ਼ਾ): ਕਾਲ ਸੈਂਟਰ ਧੋਖਾਧੜੀ ਦੇ ਇਕ ਮਾਮਲੇ ਵਿਚ ਭਾਰਤ ਦੇ ਇਕ ਨਾਗਰਿਕ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਅਮਰੀਕੀ ਅਟਾਰਨੀ ਨੇ ਇਹ ਜਾਣਕਾਰੀ ਦਿੱਤੀ। ਗੁੜਗਾਓਂ ਦੇ ਵਸਨੀਕ 29 ਸਾਲਾ ਸਾਹਿਲ ਨਾਰੰਗ ਨੂੰ ਅਮਰੀਕਾ ਵਿਚ ਮਈ 2019 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਦਾਲਤ ਦੇ ਦਸਤਾਵੇਜ਼ਾਂ ਵਿਚ ਨਾਰੰਗ ਨੂੰ ਅਮਰੀਕੀ ਨਾਗਰਿਕਾਂ ਖਾਸ ਕਰ ਕੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਆਨਲਾਈਨ ਟੇਲੀਮਾਰਕੀਟਿੰਗ ਯੋਜਨਾਵਾਂ ਚਲਾਉਣ ਵਾਲੇ ਮੁੱਖ ਦੋਸ਼ੀਆਂ ਵਿਚੋਂ ਇਕ ਮੰਨਿਆ ਗਿਆ ਸੀ। ਕਾਰਜਕਾਰੀ ਅਮਰੀਕੀ ਅਟਾਰਨੀ ਰਿਚਰਡ ਬੀ ਮਾਇਰੇਯ ਨੇ ਦੱਸਿਆ ਕਿ ਪਿਛਲੇ ਸਾਲ ਦਸਬੰਰ ਵਿਚ ਨਾਰੰਗ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਸੀ। ਬੁੱਧਵਾਰ ਨੂੰ ਉਸ ਨੂੰ 36 ਮਹੀਨੇ ਲਈ ਸੰਘੀ ਜੇਲ੍ਹ ਭੇਜ ਦਿੱਤਾ ਗਿਆ। ਇਸ ਮਗਰੋਂ 3 ਸਾਲ ਤੱਕ ਉਸ 'ਤੇ ਨਜ਼ਰ ਰੱਖੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕ੍ਰੈਡਿਟ ਕਾਰਡਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹੇਠ ਰੁਪਿੰਦਰ ਸਿੰਘ ਬਰਾੜ ਨੂੰ ਕੀਤਾ ਗਿਆ ਚਾਰਜ
ਅਦਾਲਤ ਵਿਚ ਦਿੱਤੀ ਜਾਣਕਾਰੀ ਮੁਤਾਬਕ 30 ਅਗਸਤ, 2019 ਤੋਂ 1 ਮਈ, 2019 ਦੇ ਵਿਚ ਨਾਰੰਗ ਨੇ ਹੋਰ ਲੋਕਾਂ ਨਾਲ ਮਿਲ ਕੇ ਆਪਣੀਆਂ ਯੋਜਨਾਵਾਂ ਦੀ ਆੜ ਵਿਚ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕੀਤੀ ਅਤੇ ਉਹਨਾਂ ਨੂੰ ਕਰੀਬ 15 ਲੱਖ ਤੋਂ ਲੈ ਕੇ 30 ਲੱਖ ਡਾਲਰ ਤੱਕ ਦਾ ਨੁਕਸਾਨ ਪਹੁੰਚਾਇਆ। ਐੱਫ.ਬੀ.ਆਈ.ਜਾਂਚ ਮੁਤਾਬਕ 9 ਮਹੀਨੇ ਦੀ ਮਿਆਦ ਵਿਚ ਨਾਰੰਗ ਨੇ ਰੋਜ਼ਾਨਾ ਔਸਤਨ 70 ਤੋਂ ਵੱਧ ਫੋਨ ਕਾਲ ਨੂੰ ਕਾਲ ਸੈਂਟਰਾਂ ਨੂੰ ਟਰਾਂਸਫਰ ਕੀਤਾ ਅਤੇ ਅਜਿਹਾ ਅਨੁਮਾਨ ਹੈ ਕਿ ਉਸ ਦੀ ਧੋਖਾਧੜੀ ਵਾਲੀਆਂ ਯੋਜਨਾਵਾਂ 30 ਫੀਸਦੀ ਤੱਕ ਸਫਲ ਰਹੀਆਂ।