ਭਾਰਤੀ ਮੂਲ ਦੇ ਵਿਗਿਆਨੀ ਨੇ ਜਿੱਤਿਆ ਵੱਕਾਰੀ ''ਵਿਸ਼ਵ ਖਾਧ ਪੁਰਸਕਾਰ''

Friday, Jun 12, 2020 - 06:05 PM (IST)

ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੇ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੂੰ ਖੇਤੀਬਾੜੀ ਖੇਤਰ ਵਿਚ ਨੋਬਲ ਪੁਰਸਕਾਰ ਦੇ ਬਰਾਬਰ ਮੰਨੇ ਜਾਣ ਵਾਲੇ ਵੱਕਾਰੀ 'ਵਿਸ਼ਵ ਖਾਧ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੂੰ ਮਿੱਟੀ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਛੋਟੇ ਕਿਸਾਨਾਂ ਦੀ ਮਦਦ ਕਰ ਕੇ ਗਲੋਬਲ ਖਾਧ ਸਪਲਾਈ ਨੂੰ ਵਧਾਉਣ ਵਿਚ ਯੋਗਦਾਨ ਦੇ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਸ਼ਵ ਖਾਧ ਪੁਰਸਕਾਰ ਫਾਊਂਡੇਸ਼ਨ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਡਾਕਟਰ ਲਾਲ ਨੇ 4 ਮਹਾਦੀਪਾਂ ਤੱਕ ਫੈਲੇ ਅਤੇ ਆਪਣੇ 5 ਦਹਾਕੇ ਤੋਂ ਵੱਧ ਦੇ ਕਰੀਅਰ ਵਿਚ ਮਿੱਟੀ ਦੀ ਗੁਣਵੱਤਾ ਨੂੰ ਬਚਾਈ ਰੱਖਣ ਦੀਆਂ ਨਵੀਆਂ ਤਕਨੀਕਾਂ ਨੂੰ ਵਧਾਵਾ ਦੇ ਕੇ 50 ਕਰੋੜ ਤੋਂ ਵੱਧ ਛੋਟੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਫਾਇਦਾ ਪਹੁੰਚਾਇਆ ਹੈ। 2 ਅਰਬ ਤੋਂ ਵਧੇਰੇ ਲੋਕਾਂ ਦੀ ਖਾਧ ਅਤੇ ਪੋਸ਼ਣ ਸੁਰੱਖਿਆ ਵਿਚ ਸੁਧਾਰ ਕੀਤਾ ਹੈ ਅਤੇ ਕਰੋੜ ਹੈਕਟੇਅਰ ਕੁਦਰਤੀ ਊਸ਼ਣਕਟੀਬੰਧੀ ਵਾਤਾਵਰਣ ਪ੍ਰਣਾਲੀਆਂ ਨੂੰ ਸੁਰੱਖਿਅਤ ਕੀਤਾ ਹੈ। 

ਆਯੋਵਾ ਸਥਿਤ ਫਾਊਂਡੇਸ਼ਨ ਨੇ ਕਿਹਾ,''ਭਾਰਤੀ ਮੂਲ ਦੇ ਅਤੇ ਅਮਰੀਕੀ ਨਾਗਰਿਕ ਡਾਕਟਰ ਰਤਨ ਨੂੰ ਖਾਧ ਉਤਪਾਦਨ ਵਧਾਉਣ ਲਈ ਮਿੱਟੀ ਕੇਂਦਰਿਤ ਰਵੱਈਆ ਵਿਕਸਿਤ ਕਰਨ ਅਤੇ ਉਸ ਨੂੰ ਮੁੱਖ ਧਾਰਾ ਵਿਸ਼ਾ ਬਣਾ ਕੇ ਕੁਦਰਤੀ ਸਰੋਤਾਂ ਨੂੰ ਬਰਕਰਾਰ ਤੇ ਸੁਰੱਖਿਅਤ ਰੱਖਣ ਅਤੇ ਜਲਵਾਯੂ ਤਬਦੀਲੀ ਦੇ ਅਸਰ ਨੂੰ ਘੱਟ ਕਰਨ ਲਈ 2020 ਦਾ ਵਿਸ਼ਵ ਖਾਧ ਪੁਰਸਕਾਰ ਦਿੱਤਾ ਜਾਵੇਗਾ।'' ਡਾਕਟਰ ਲਾਲ ਨੇ ਐਲਾਨ ਦੇ ਬਾਅਦ ਪੀ.ਟੀ.ਆਈ.-ਭਾਸ਼ਾ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ,''ਮਿੱਟੀ ਵਿਗਿਆਨ ਨੂੰ ਇਸ ਪੁਰਸਕਾਰ ਨਾਲ ਪਛਾਣ ਮਿਲੇਗੀ। ਮੈਂ ਇਸ ਨੂੰ ਲੈ ਕੇ ਬਹੁਤ ਖੁਸ਼ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਜਲਦ ਆ ਸਕਣਗੇ ਆਸਟ੍ਰੇਲੀਆ : ਮੌਰੀਸਨ

ਉਹਨਾਂ ਨੇ ਕਿਹਾ ਇਕ ਇਹ ਪੁਰਸਕਾਰ ਵਿਸ਼ੇਸ਼ ਤੌਰ 'ਤੇ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ 1987 ਵਿਚ ਇਸ ਵੱਕਾਰੀ ਪੁਰਸਕਾਰ ਦੇ ਪਹਿਲੇ ਹਾਸਲ ਕਰਤਾ ਭਾਰਤੀ ਖੇਤੀਬਾੜੀ ਵਿਗਿਆਨੀ ਡਾਕਟਰ ਐੱਮ.ਐੱਸ. ਸਵਾਮੀਨਾਥਨ ਸਨ ਜੋ ਭਾਰਤੀ ਹਰਿਤ ਕ੍ਰਾਂਤੀ ਦੇ ਜਨਕ ਸਨ। ਉਹਨਾਂ ਨੇ ਕਿਹਾ ਕਿ ਸਖਤ ਮੌਸਮੀ ਹਾਲਤਾਂ ਦੇ ਕਾਰਨ ਭਾਰਤ ਵਰਗੇ ਦੇਸ਼ ਵਿਚ ਮਿੱਟੀ ਦੀ ਗੁਣਵੱਤਾ ਘੱਟਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ। ਡਾਕਟਰ ਲਾਲ ਨੇ ਕਿਹਾ,''ਇਸ ਲਈ ਮਿੱਟੀ ਵਿਗਿਆਨੀ ਨੂੰ ਇਹ ਪੁਰਸਕਾਰ ਮਿਲਣਾ ਮਿੱਟੀ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਅਤੇ ਉਸ ਦੇ ਪ੍ਰਬੰਧਨ ਦੇ ਮਹੱਤਵ ਨੂੰ ਦਰਸਾਉਂਦਾ ਹੈ। ਸਾਨੂੰ ਧਰਤੀ ਮਾਂ ਵੱਲ ਧਿਆਨ ਦੇਣ ਦੀ ਲੋੜ ਹੈ। ਸਾਡੇ ਸ਼ਾਸਤਰ ਅਤੇ ਪੁਰਾਨ ਵੀ ਕਹਿੰਦੇ ਹਨ ਕਿ ਸਾਨੂੰ ਧਰਤੀ ਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਲਈ ਇਸ ਪੁਰਸਕਾਰ ਦਾ ਮੇਰੇ ਲਈ ਬਹੁਤ ਮਹੱਤਵ ਹੈ।''


Vandana

Content Editor

Related News