ਅਮਰੀਕਾ : ਜਸਪਾਲ ਸਿੰਘ ਧਾਲੀਵਾਲ ਨੇ ਫਰਿਜ਼ਨੋ ’ਚ ਵਸਾਇਆ ਹੋਇਆ ‘ਮਿੰਨੀ ਪੰਜਾਬ’

Tuesday, Sep 21, 2021 - 04:41 PM (IST)

ਅਮਰੀਕਾ : ਜਸਪਾਲ ਸਿੰਘ ਧਾਲੀਵਾਲ ਨੇ ਫਰਿਜ਼ਨੋ ’ਚ ਵਸਾਇਆ ਹੋਇਆ ‘ਮਿੰਨੀ ਪੰਜਾਬ’

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਸ਼ਹਿਰ ਜਿੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਹੋਣ ਕਰਕੇ ਮਿੰਨੀ ਪੰਜਾਬ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਉਥੇ ਹੀ ਫਰਿਜ਼ਨੋ ਸ਼ਹਿਰ ’ਚ ਪੰਜਾਬੀ ਡਾਕਟਰਾਂ, ਪੰਜਾਬੀ ਟਰਾਂਸਪੋਰਟਰਾਂ, ਪੰਜਾਬੀ ਫਾਰਮਰਾਂ ਅਤੇ ਸਟੋਰਾਂ ਦੇ ਮਾਲਕਾਂ ਨੇ ਪੂਰੀ ਦੁਨੀਆ ’ਚ ਧੁੰਮ ਪਾਈ ਹੋਈ ਹੈ। ਸਾਡੀ ਟੀਮ ਨੂੰ ਫਰਿਜ਼ਨੋ ਨਿਵਾਸੀ ਜਸਪਾਲ ਸਿੰਘ ਬਿਲਾਸਪੁਰ (ਪਾਲ) ਅਤੇ ਉਨ੍ਹਾਂ ਦੇ ਸਪੁੱਤਰ ਖੁਸ਼ ਧਾਲੀਵਾਲ, ਜਿਸ ਨੂੰ ਪਿਆਰ ਨਾਲ ਪੰਜਾਬੀ ਕੈਵਿਨ ਵੀ ਸੱਦਦੇ ਹਨ, ਦੇ ਫ਼ਾਰਮ ’ਤੇ ਜਾਣ ਦਾ ਮੌਕਾ ਲੱਗਿਆ, ਜਿੱਥੇ ਉਹ ਫਾਰਮਿੰਗ ਦੇ ਨਾਲ-ਨਾਲ ਟਰੱਕਿੰਗ ਕੰਪਨੀ ਵੀ ਰਨ ਕਰਦੇ ਹਨ ਤੇ ਇੱਥੇ ਟਰੱਕ ਰਿਪੇਅਰ ਸ਼ਾਪ ਵੀ ਚਲਾਉਂਦੇ ਹਨ। ਪਾਲ ਧਾਲੀਵਾਲ ਨੇ ਦੱਸਿਆ ਕਿ 1996 ’ਚ ਉਹ ਇਕੱਲੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਤੋਂ ਪਰਿਵਾਰ ਦੇ ਉੱਜਲੇ ਭਵਿੱਖ ਲਈ ਕੱਚੇ ਤੌਰ ’ਤੇ ਅਮਰੀਕਾ ਆਏ ਸਨ। ਇੱਥੇ ਆ ਕੇ ਉਨ੍ਹਾਂ ਰੈਸਟੋਰੈਂਟਾਂ ’ਚ ਕੰਮ ਵੀ ਕੀਤਾ। ਖ਼ੁਦ ਆਪ ਕਈ ਸਾਲ ਟਰੱਕ ਵੀ ਚਲਾਇਆ।

PunjabKesari

ਫਿਰ ਹੌਲੀ-ਹੌਲੀ ਪੱਕੇ ਹੋਏ ਤੇ ਫੇਰ ਪਰਿਵਾਰ ਅਮਰੀਕਾ ਆਇਆ। ਖੁਸ਼ ਧਾਲੀਵਾਲ ਨੇ ਜਵਾਨ ਹੋ ਕੇ ਟਰੱਕਿੰਗ ਦੇ ਕੰਮ ਨੂੰ ਹੋਰ ਵਧਾਇਆ ਤੇ ਅੱਜ ਧਾਲੀਵਾਲ ਪਰਿਵਾਰ ਅਮਰੀਕਾ ਦੇ ਫਰਿਜ਼ਨੋ ਸ਼ਹਿਰ ’ਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਹੁਣ ਜਸਪਾਲ ਧਾਲੀਵਾਲ ਅਤੇ ਬੇਟਾ ਖੁਸ਼ ਧਾਲੀਵਾਲ ਜੇ. ਐੱਨ. ਟਰਾਂਸਪੋਰਟ ਨਾਮੀ ਟਰੱਕਿੰਗ ਕੰਪਨੀ ਚਲਾ ਰਹੇ ਹਨ ਅਤੇ ਪੰਜਾਬੀ ਸਰਦਾਰਾਂ ਵਾਂਗ ਆਪਣੇ ਸ਼ੌਕ ਪਾਲ ਰਹੇ ਹਨ। ਖੁਸ਼ ਧਾਲੀਵਾਲ ਨੇ ਤਕਰੀਬਨ ਵੀਹ ਏਕੜ ’ਚ ਆਪਣਾ ਟਰੱਕ ਯਾਰਡ ਬਣਾਇਆ ਤੇ ਇੱਥੇ ਕਈ ਘੋੜੇ ਪਾਲ਼ ਰੱਖੇ ਨੇ ਅਤੇ ਇਸ ਘੋੜਿਆਂ ਦੇ ਤਬੇਲੇ ਦਾ ਸ਼ਿੰਗਾਰ ਬਣੇ ਭਾਰਤੀ ਨਸਲ ਦੇ ਦੋ ਮਾਰਵਾੜੀ ਘੋੜੇ, ਜਿਨ੍ਹਾਂ ਦੀ ਕੀਮਤ ਤਕਰੀਬਨ ਡੇਢ ਲੱਖ ਡਾਲਰ ਦੱਸੀ ਜਾ ਰਹੀ ਹੈ। ਇੱਥੇ ਇਨ੍ਹਾਂ ਨੇ ਚਿੱਟੇ ਰੰਗ ਦੇ ਮੋਰ, ਸੀਲ ਕੁੱਕੜ, ਦੇਸੀ ਮੁਰਗ਼ੇ, ਕਚੋਰੀਆ, ਕੁੱਤੇ, ਬੱਕਰੀਆਂ, ਪੋਨੀਆਂ ਆਦਿ ਵੀ ਵਾੜੇ ਦਾ ਸ਼ਿੰਗਾਰ ਬਣਾਏ ਹੋਏ ਹਨ। ਖੁਸ਼ ਧਾਲੀਵਾਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਇੱਥੇ ਇੱਕ ਦਧਾਰੂ ਗਾਂ ਵੀ ਰੱਖੀ ਸੀ।

PunjabKesari

ਜਿਸ ਹੇਠ ਬਹੁਤ ਜ਼ਿਆਦਾ ਦੁੱਧ ਸੀ ਅਤੇ ਅਸੀਂ ਦੁੱਧ, ਲੱਸੀ , ਦਹੀ ਸਾਂਭ ਨਾ ਸਕੇ, ਜਿਸ ਕਰਕੇ ਸਾਨੂੰ ਇਹ ਗਾਂ ਵਾਪਸ ਡੇਅਰੀ ’ਚ ਭੇਜਣੀ ਪਈ। ਖੁਸ਼ ਧਾਲੀਵਾਲ ਗੰਨਾਂ ਰੱਖਣ ਦਾ ਵੀ ਸ਼ੌਕੀ ਹੈ। ਮਹਿੰਗੀਆਂ ਕਾਰਾਂ ਵੀ ਉਸ ਨੇ ਆਪਣੀ ਕੁਲੈਕਸ਼ਨ ’ਚ ਸ਼ਾਮਲ ਕੀਤੀਆ ਹੋਈਆਂ ਹਨ। ਖੁਸ਼ ਧਾਲੀਵਾਲ ਦੇ ਯਾਰਡ ’ਚ ਜਾ ਕੇ ਉਨ੍ਹਾਂ ਦੇ ਸ਼ੌਕ ਵੇਖ ਕੇ ਵਾਕਿਆ ਇੰਝ ਲੱਗਦਾ ਜਿਵੇਂ ਧਾਲੀਵਾਲ ਪਿਓ-ਪੁੱਤਾਂ ਨੇ ਫਰਿਜ਼ਨੋ ’ਚ ਇੱਕ ਵੱਖਰਾ ਬਿਲਾਸਪੁਰ ਵਸਾ ਰੱਖਿਆ ਹੋਵੇ। ਦੁਆ ਹੈ ਕਿ ਇਹ ਪਰਿਵਾਰ ਆਪਣੀ ਮਿਹਨਤ ਨਾਲ ਹੋਰ ਵਧੇ-ਫੁੱਲੇ।


author

Manoj

Content Editor

Related News