ਜਲਿਆਂਵਾਲੇ ਬਾਗ ਸਾਕੇ ਦੀ 100ਵੀਂ ਬਰਸੀ ਸਮਾਗਮ ''ਚ ਹਿੱਸਾ ਲੈਣ ਪਹੁੰਚੇ ਡਾ. ਓਬਰਾਏ
Friday, Apr 05, 2019 - 10:18 AM (IST)

ਸੈਕਰਾਮੈਂਟੋ (ਰਾਜ ਗੋਗਨ)— ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਨੌਰਥ ਅਮਰੀਕਾ ਵੱਲੋਂ ਜਲਿਆਂਵਾਲੇ ਬਾਗ ਦੇ ਸਾਕੇ ਦੀ 100ਵੀਂ ਬਰਸੀ ਮੌਕੇ 6 ਅਤੇ 7 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ। ਇਸ ਸੰਬੰਧੀ ਇਕ ਅਹਿਮ ਮੀਟਿੰਗ ਇੱਥੇ ਹੋਈ, ਜਿਸ ਦੌਰਾਨ ਇਸ ਸਮਾਗਮ ਨੂੰ ਮਨਾਉਣ ਸਬੰਧੀ ਵਿਚਾਰ-ਵਟਾਂਦਰੇ ਹੋਏ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਲਿੰਦਰ ਗਿੱਲ, ਚਰਨ ਸਿੰਘ ਜੱਜ, ਗੁਰਜਤਿੰਦਰ ਸਿੰਘ ਰੰਧਾਵਾ, ਜਨਕ ਸਿੱਧਰਾ, ਬਲਵਿੰਦਰ ਡੁਲਕੂ, ਅਮਰੀਕ ਸਿੰਘ ਪਰਹਾਰ, ਗੁਰਦੀਪ ਸਿੰਘ ਗਿੱਲ ਵੀ ਸ਼ਾਮਲ ਸਨ।
6 ਅਪ੍ਰੈਲ ਨੂੰ ਹੋਟਲ ਹੋਲੀਡੇ ਇਨ ਵਿਚ ਇਕ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਮੇਅਰ ਸਟੀਵ ਲੀ, ਕਾਊਂਟੀ ਸੁਪਰਵਾਈਜ਼ਰ ਸੂਅ ਫਰੋਸਟ, ਕਾਊਂਟੀ ਸੁਪਰਵਾਈਜ਼ਰ ਡਾਨ ਨਟੋਲੀ, ਸ਼ੈਰਿਫ ਜਾਨ ਸਕਾਟ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਭਰਨਗੇ। ਇਸ ਮੌਕੇ ਜਲਿਆਂਵਾਲੇ ਬਾਗ ਦੇ ਸਾਕੇ ਬਾਰੇ ਪਰਚੇ ਪੜ੍ਹੇ ਜਾਣਗੇ, ਜਿਸ ਵਿਚ ਡਾ. ਗੁਰਬਖਸ਼ ਸਿੰਘ ਭੰਡਾਲ, ਡਾ. ਗੁਰੂਮੇਲ ਸਿੰਘ ਸਿੱਧੂ, ਡਾ. ਗੁਰਦੇਵ ਸਿੰਘ ਖੁਸ਼, ਪ੍ਰੋ. ਹਰਪਾਲ ਸਿੰਘ, ਪ੍ਰਿੰ. ਵੀਰ ਸਿੰਘ ਰੰਧਾਵਾ, ਹਰਦਮ ਸਿੰਘ ਆਜ਼ਾਦ, ਪ੍ਰੋ. ਸੰਪੂਰਨ ਸਿੰਘ ਸ਼ਾਮਲ ਹੋਣਗੇ।
ਨਿਕੋਲ ਰੰਗਾਨਾਥਨ ਵੱਲੋਂ ਅਮਰੀਕੀ ਇਤਿਹਾਸ ਵਿਚ ਸਿੱਖ ਔਰਤਾਂ ਦੇ ਪਾਏ ਯੋਗਦਾਨ ਬਾਰੇ ਡਾਕੂਮੈਂਟਰੀ ਫਿਲਮ 'ਜੁੱਤੀ ਕਸੂਰੀ' ਦਿਖਾਈ ਜਾਵੇਗੀ। ਪਾਕਿਸਤਾਨ ਵਿਚ ਸ਼ਹੀਦ ਭਗਤ ਸਿੰਘ ਹਵੇਲੀ ਦੇ ਮੌਜੂਦਾ ਮਾਲਕ ਚੌਧਰੀ ਸਾਕਿਬ ਇਕਬਾਲ ਵਿਰਕ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਔਰਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਵਿਚ ਮਾਈ ਭਾਗੋ ਬ੍ਰਿਗੇਡ, ਐਲਕ ਗਰੋਵ ਤੀਆਂ, ਯੂਬਾ ਸਿਟੀ ਤੀਆਂ, ਨਟੋਮਸ ਤੀਆਂ, ਰੋਜ਼ਵਿਲ ਤੀਆਂ ਦੇ ਪ੍ਰਬੰਧਕ ਸ਼ਾਮਲ ਹੋਣਗੇ। 7 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਸੈਕਰਾਮੈਂਟੋ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸ਼ਹੀਦਾਂ ਬਾਰੇ ਵਿਸ਼ੇਸ਼ ਵਿਚਾਰ-ਚਰਚੇ ਹੋਣਗੇ।