ਇਵਾਂਕਾ ਟਰੰਪ ਤੋਂ ਗੈਰ ਲਾਭਕਾਰੀ ਫੰਡ ਦੀ ਦੁਰਵਰਤੋਂ ਮਾਮਲੇ ''ਚ ਪੁੱਛਗਿੱਛ
Thursday, Dec 03, 2020 - 06:00 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਤੋਂ ਵਾਸ਼ਿੰਗਟਨ ਡੀ.ਸੀ. ਦੇ ਪ੍ਰਸ਼ਾਸਨ ਨੇ ਗੈਰ ਲਾਭਕਾਰੀ ਫੰਡ ਦੀ ਦੁਰਵਰਤੋਂ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ। ਇਵਾਂਕਾ 'ਤੇ ਦੋਸ਼ ਹੈ ਕਿ ਉਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ 2017 ਦੀ ਉਦਘਾਟਨ ਕਮੇਟੀ ਦੇ ਦਾਨ ਕਰਤਾਵਾਂ ਦੇ ਫੰਡ ਦੀ ਦੁਰਵਰਤੋਂ ਕੀਤੀ। ਇਸ ਫੰਡ ਦੀ ਵਰਤੋਂ ਕਥਿਤ ਤੌਰ 'ਤੇ ਪਾਰਟੀਆਂ ਅਤੇ ਹੋਰ ਖਰਚਿਆਂ ਦੇ ਲਈ ਕੀਤੀ ਗਈ ਹੈ। 39 ਸਾਲਾ ਇਵਾਂਕਾ ਰਾਸ਼ਟਰਪਤੀ ਟਰੰਪ ਦੀ ਸੀਨੀਅਰ ਸਲਾਹਕਾਰ ਹੈ ਅਤੇ ਇਹਨਾਂ ਫੰਡਾਂ ਦੀ ਦੁਰਵਰਤੋਂ ਵਿਚ ਉਸ ਦਾ ਨਾਮ ਸਭ ਤੋਂ ਸਿਖਰ 'ਤੇ ਹੈ।
ਰਿਪੋਰਟ ਵਿਚ ਹੋਇਆ ਖੁਲਾਸਾ
ਏ.ਪੀ. ਦੀ ਰਿਪੋਰਟ ਦੇ ਮੁਤਾਬਕ, ਵਾਸ਼ਿੰਗਟਨ ਦੇ ਅਟਾਰਨੀ ਜਨਰਲ ਐਲਨ ਗਾਰਟਨ ਨੇ ਦੱਸਿਆ ਕਿ ਵ੍ਹਾਈਟ ਹਾਊਸ ਤੋਂ ਨਿਰਦੇਸ਼ ਭੇਜੇ ਗਏ ਸਨ ਕਿ ਇਹਨਾਂ ਪਾਰਟੀਆਂ ਦਾ ਆਯੋਜਨ 'ਫੇਅਰ ਮਾਰਕੀਟ ਪ੍ਰਾਈਜ਼' 'ਤੇ ਹੀ ਕੀਤਾ ਜਾਵੇ ਜਦਕਿ ਇਸ ਦੇ ਲਈ ਭੁਗਤਾਨ ਹੋਰ ਦਰਾਂ 'ਤੇ ਕੀਤਾ ਗਿਆ ਸੀ। ਇਸ਼ ਮਾਮਲੇ ਵਿਚ ਟਰੰਪ ਦੀ ਪਤਨੀ ਮੇਲਾਨੀਆ ਦਾ ਨਾਮ ਵੀ ਸਾਹਮਣੇ ਆਇਆ ਹੈ ਭਾਵੇਂਕਿ ਇਹ ਨਿਰਦੇਸ਼ ਇਵਾਂਕਾ ਵੱਲੋਂ ਦਿੱਤੇ ਗਏ ਸਨ। ਸਭ ਤੋਂ ਪਹਿਲਾਂ ਬੁੱਧਵਾਰ ਨੂੰ ਇਸ ਮਾਮਲੇ ਵਿਚ ਸੀ.ਐੱਨ.ਏ. ਨੇ ਇਸ ਬਾਰੇ ਵਿਚ ਦਸਤਾਵੇਜ਼ ਦਿਖਾਏ ਸਨ। ਇਸ ਦੌਰਾਨ ਦੱਸਿਆ ਗਿਆ ਕਿ ਵ੍ਹਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਟਰੰਪ ਦਾ ਮੰਗਲਵਾਰ ਨੂੰ ਵਾਸ਼ਿੰਗਟਨ ਡੀ.ਸੀ., ਅਟਾਰਨੀ ਜਨਰਲ ਦੇ ਦਫਤਰ ਵਿਚ ਵਕੀਲਾਂ ਵੱਲੋਂ ਇੰਟਰਵਿਊ ਲਿਆ ਗਿਆ ਸੀ।
ਕਮੇਟੀ ਨੇ ਲਾਏ ਇਹ ਦੋਸ਼
ਵ੍ਹਾਈਟ ਹਾਊਸ ਦਫਤਰ ਵੱਲੋਂ ਉਹਨਾਂ 'ਤੇ ਸਾਲ 2017 ਵਿਚ ਟਰੰਪ ਦੀ ਉਦਘਾਟਨ ਕਮੇਟੀ ਦੇ ਦਾਨ ਕਰਤਾਵਾਂ ਵੱਲੋਂ ਦਿੱਤੇ ਗਏ ਫੰਡ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਸ ਬਾਬਤ ਉਹਨਾਂ 'ਤੇ 1 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ਦਾ ਦੋਸ਼ ਲੱਗਾ ਹੈ। ਗੌਰਤਲਬ ਹੈ ਕਿ ਇਵਾਂਕਾ ਟਰੰਪ ਨੇ ਹਾਲ ਹੀ ਵਿਚ ਭਾਰਤ-ਅਮਰੀਕਾ ਦੀ ਦੋਸਤੀ ਨੂੰ ਲੈਕੇ ਟਵੀਟ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਗਲੋਬਲ ਸੁਰੱਖਿਆ, ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਨੂੰ ਵਧਾਵਾ ਦੇਣ ਵਿਚ ਭਾਰਤ-ਅਮਰੀਕਾ ਦੇ ਦੋਸਤਾਨਾ ਸੰਬੰਧ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਏ ਹਨ।
ਨੋਟ- ਇਵਾਂਕਾ ਟਰੰਪ 'ਤੇ ਫੰਡ ਦੀ ਦੁਰਵਰਤੋਂ ਸੰਬੰਧੀ ਲੱਗੇ ਦੋਸ਼ ਬਾਰੇ ਦੱਸੋ ਆਪਣੀ ਰਾਏ।